ਧਰਮਸ਼ਾਲਾ, 10 ਮਾਰਚ: ਧਰਮਸ਼ਾਲਾ ’ਚ ਖੇਡੇ ਗਏ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ ਵੱਡੀ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਧਰਮਸ਼ਾਲਾ ਟੈਸਟ ਤੀਜੇ ਦਿਨ ਹੀ ਪਾਰੀ ਅਤੇ 64 ਦੌੜਾਂ ਨਾਲ ਜਿੱਤ ਲਿਆ।
ਇਸ ਮੈਚ ‘ਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 477 ਦੌੜਾਂ ਬਣਾਈਆਂ ਅਤੇ 259 ਦੌੜਾਂ ਦੀ ਵੱਡੀ ਲੀਡ ਲੈ ਲਈ। ਇਸ ਤੋਂ ਬਾਅਦ ਦੂਜੀ ਪਾਰੀ ‘ਚ ਇੰਗਲੈਂਡ ਦੀ ਟੀਮ 195 ਦੌੜਾਂ ‘ਤੇ ਹੀ ਸਿਮਟ ਗਈ ਅਤੇ ਮੈਚ ਹਾਰ ਗਈ। ਇਸ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 4-1 ਨਾਲ ਜਿੱਤ ਲਈ ਹੈ।
ਅਸ਼ਵਿਨ ਲਈ ਯਾਦਗਾਰ ਰਿਹਾ 100ਵਾਂ ਟੈਸਟ
ਦਿੱਗਜ਼ ਸਪਿਨਰ ਰਵੀਚੰਦਰਨ ਅਸ਼ਵਿਨ ਲਈ ਉਨ੍ਹਾਂ ਦਾ 100ਵਾਂ ਟੈਸਟ ਯਾਦਗਾਰ ਬਣ ਗਿਆ। ਉਨ੍ਹਾਂ ਨੇ ਆਪਣੇ 100ਵੇਂ ਟੈਸਟ (ਧਰਮਸ਼ਾਲਾ ਟੈਸਟ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ। ਉਨ੍ਹਾਂ ਨੇ ਮੈਚ ਵਿੱਚ ਕੁੱਲ 9 ਵਿਕਟਾਂ ਲਈਆਂ।
ਇੰਗਲੈਂਡ ਦੀ ਬੱਲੇਬਾਜ਼ੀ ਰਹੀ ਫਲਾਪ
ਇੰਗਲੈਂਡ ਦੀ ਬੱਲੇਬਾਜ਼ੀ ਦੂਜੀ ਪਾਰੀ ਵਿੱਚ ਪੂਰੀ ਤਰ੍ਹਾਂ ਫਲਾਪ ਰਹੀ। ਇਕਲੌਤੇ ਬੱਲੇਬਾਜ਼ ਜੋ ਰੂਟ ਨੇ 84 ਦੌੜਾਂ ਬਣਾ ਕੇ ਇੰਗਲੈਂਡ ਦੇ ਸਕੋਰ ਨੂੰ ਕੁਝ ਹੱਦ ਤੱਕ 195 ਦੌੜਾਂ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਇੰਗਲੈਂਡ ਲਈ ਆਪਣਾ 100ਵਾਂ ਟੈਸਟ ਖੇਡਣ ਵਾਲੇ ਜੌਨੀ ਬੇਅਰਸਟੋ ਨੇ 39 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਟਾਮ ਹਾਰਟਲੇ ਨੇ 20 ਦੌੜਾਂ, ਓਲੀ ਪੋਪ ਨੇ 19 ਦੌੜਾਂ ਅਤੇ ਸ਼ੋਏਬ ਬਸ਼ੀਰ ਨੇ 13 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਅਤੇ ਰਵਿੰਦਰ ਜਡੇਜਾ ਨੇ ਇਕ ਵਿਕਟ ਹਾਸਲ ਕੀਤੀ।
ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਕੀਤੀ ਸੀ ਬੱਲੇਬਾਜ਼ੀ
ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਦੀ ਪਹਿਲੀ ਪਾਰੀ ਸਿਰਫ਼ 218 ਦੌੜਾਂ ‘ਤੇ ਹੀ ਸਿਮਟ ਗਈ ਸੀ। ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ ਭਾਰਤੀ ਸਪਿਨ ਗੇਂਦਬਾਜ਼ਾਂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਦੇ ਨਜ਼ਰ ਆਏ। ਟੀਮ ਲਈ ਸਲਾਮੀ ਬੱਲੇਬਾਜ਼ ਜੈਕ ਕਰਾਊਲੀ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬੇਨ ਡਕੇਟ ਨੇ 27 ਦੌੜਾਂ, ਜੌਨੀ ਬੇਅਰਸਟੋ ਨੇ 29 ਦੌੜਾਂ, ਜੋ ਰੂਟ ਨੇ 26 ਦੌੜਾਂ ਅਤੇ ਬੇਨ ਫਾਕਸ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤ ਲਈ ਪਹਿਲੀ ਪਾਰੀ ਵਿੱਚ ਸਪਿੰਨਰ ਕੁਲਦੀਪ ਯਾਦਵ ਨੇ ਪੰਜ ਵਿਕਟਾਂ ਲਈਆਂ। ਉਥੇ ਹੀ ਆਪਣਾ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ।
ਕਪਤਾਨ ਰੋਹਿਤ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਪਾਰੀ ’ਚ ਜੜੇ ਸੈਂਕੜੇ
ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 477 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਇੰਗਲੈਂਡ ‘ਤੇ 259 ਦੌੜਾਂ ਦੀ ਵੱਡੀ ਬੜ੍ਹਤ ਲੈ ਲਈ। ਪਹਿਲੀ ਪਾਰੀ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ 103 ਦੌੜਾਂ ਅਤੇ ਸ਼ੁਭਮਨ ਗਿੱਲ ਨੇ 110 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ। ਇਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 57 ਦੌੜਾਂ, ਦੇਵਦੱਤ ਪੈਡਿਕਲ ਨੇ 65 ਦੌੜਾਂ ਅਤੇ ਸਰਫਰਾਜ਼ ਖਾਨ ਨੇ 56 ਦੌੜਾਂ ਦਾ ਅਰਧ ਸੈਂਕੜਾ ਲਗਾਇਆ। ਕੁਲਦੀਪ ਯਾਦਵ ਨੇ 30 ਅਤੇ ਜਸਪ੍ਰੀਤ ਬੁਮਰਾਹ ਨੇ 20 ਦੌੜਾਂ ਦਾ ਯੋਗਦਾਨ ਪਾਇਆ।
ਇੰਗਲੈਂਡ ਲਈ ਸ਼ੋਏਬ ਬਸ਼ੀਰ ਨੇ 5, ਜੇਮਸ ਐਂਡਰਸਨ ਅਤੇ ਟੌਮ ਹਾਰਟਲੇ ਨੇ 2-2 ਅਤੇ ਬੇਨ ਸਟੋਕਸ ਨੇ ਇਕ ਵਿਕਟ ਲਈ।
