ਨਵੀਂ ਦਿੱਲੀ, 07 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਉਹ ਦੁਪਹਿਰ 12 ਵਜੇ ਸ੍ਰੀਨਗਰ ਦੇ ਬਖਸ਼ੀ ਸਟੇਡੀਅਮ ਵਿੱਚ ‘ਵਿਕਸਤ ਭਾਰਤ ਵਿਕਸਤ ਜੰਮੂ-ਕਸ਼ਮੀਰ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਖੇਤੀਬਾੜੀ ਅਧਾਰਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਲਗਭਗ 5000 ਕਰੋੜ ਰੁਪਏ ਦਾ ‘ਸਮਗਰ ਖੇਤੀ ਵਿਕਾਸ ਪ੍ਰੋਗਰਾਮ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੈਸ ਸੂਚਨਾ ਬਿਊਰੋ (ਪੀਆਈਬੀ) ਨੇ ਪ੍ਰਧਾਨ ਮੰਤਰੀ ਦੇ ਜੰਮੂ ਅਤੇ ਕਸ਼ਮੀਰ ਦੌਰੇ ਦੇ ਪ੍ਰੋਗਰਾਮ ਦੀ ਵਿਸਤ੍ਰਿਤ ਜਾਣਕਾਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੇ ਐਕਸ ਹੈਂਡਲ ‘ਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਸਾਂਝਾ ਕੀਤਾ ਹੈ।
ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਅਨੁਸਾਰ, ਪ੍ਰਧਾਨ ਮੰਤਰੀ ਸਵਦੇਸ਼ ਦਰਸ਼ਨ ਅਤੇ ਪ੍ਰਸਾਦ (ਤੀਰਥਯਾਤਰਾ ਪੁਨਰਜੀਵਨ ਅਤੇ ਅਧਿਆਤਮਿਕ, ਵਿਰਾਸਤੀ ਤਰੱਕੀ ਡ੍ਰਾਈਵ) ਯੋਜਨਾ ਦੇ ਤਹਿਤ 1400 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਸੈਰ-ਸਪਾਟਾ ਖੇਤਰ ਨਾਲ ਸਬੰਧਤ ਕਈ ਪ੍ਰੋਜੈਕਟ ਵੀ ਲਾਂਚ ਕਰਨਗੇ। ਇਸ ਵਿੱਚ ‘ਹਜ਼ਰਤਬਲ ਤੀਰਥ ਦਾ ਏਕੀਕ੍ਰਿਤ ਵਿਕਾਸ’ ਸ੍ਰੀਨਗਰ ਪ੍ਰੋਜੈਕਟ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ‘ਦੇਖੋ ਆਪਣਾ ਦੇਸ਼ ਪੀਪਲਜ਼ ਚੁਆਇਸ ਟੂਰਿਜ਼ਮ ਡੈਸਟੀਨੇਸ਼ਨ ਪੋਲ ਅਤੇ ਚਲੋ ਇੰਡੀਆ ਗਲੋਬਲ ਡਾਇਸਪੋਰਾ’ ਮੁਹਿੰਮ ਦੀ ਵੀ ਸ਼ੁਰੂਆਤ ਕਰਨਗੇ। ਉਹ ਚੈਲੇਂਜ ਬੇਸਡ ਡੈਸਟੀਨੇਸ਼ਨ ਡਿਵੈਲਪਮੈਂਟ (ਸੀਬੀਡੀਡੀ) ਸਕੀਮ ਦੇ ਤਹਿਤ ਚੁਣੇ ਗਏ ਸੈਰ-ਸਪਾਟਾ ਸਥਾਨਾਂ ਦਾ ਵੀ ਐਲਾਨ ਕਰਨਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਦੇ ਲਗਭਗ 1000 ਨਵੇਂ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ। ਨਾਲ ਹੀ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ। ਰੀਲੀਜ਼ ਦੇ ਅਨੁਸਾਰ, ‘ਹੋਲਿਸਟਿਕ ਐਗਰੀਕਲਚਰਲ ਡਿਵੈਲਪਮੈਂਟ ਪ੍ਰੋਗਰਾਮ’ ਐੱਚਏਡੀਪੀ ਇੱਕ ਏਕੀਕ੍ਰਿਤ ਪ੍ਰੋਗਰਾਮ ਹੈ। ਇਹ ਜੰਮੂ ਅਤੇ ਕਸ਼ਮੀਰ ਵਿੱਚ ਖੇਤੀ-ਆਰਥਿਕਤਾ ਦੇ ਤਿੰਨ ਪ੍ਰਮੁੱਖ ਖੇਤਰਾਂ ਜਿਵੇਂ ਬਾਗਬਾਨੀ, ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਗਤੀਵਿਧੀਆਂ ਦੇ ਪੂਰੇ ਸਪੈਕਟ੍ਰਮ ਨੂੰ ਕਵਰ ਕਰਦਾ ਹੈ। ਇਸ ਤਹਿਤ ਦਕਸ਼ ਕਿਸਾਨ ਪੋਰਟਲ ਰਾਹੀਂ ਕਰੀਬ 2.5 ਲੱਖ ਕਿਸਾਨਾਂ ਨੂੰ ਹੁਨਰ ਵਿਕਾਸ ਸਿਖਲਾਈ ਦਿੱਤੇ ਜਾਣ ਦੀ ਉਮੀਦ ਹੈ। ਪ੍ਰੋਗਰਾਮ ਦੇ ਤਹਿਤ, ਲਗਭਗ 2000 ਕਿਸਾਨ ਖਿਦਮਤ ਘਰ ਸਥਾਪਿਤ ਕੀਤੇ ਜਾਣਗੇ ਅਤੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਮਜ਼ਬੂਤ ਮੁੱਲ ਲੜੀ ਸਥਾਪਿਤ ਕੀਤੀ ਜਾਵੇਗੀ। ਇਹ ਪ੍ਰੋਗਰਾਮ ਰੁਜ਼ਗਾਰ ਪੈਦਾ ਕਰੇਗਾ ਜਿਸ ਨਾਲ ਜੰਮੂ-ਕਸ਼ਮੀਰ ਦੇ ਲੱਖਾਂ ਸੀਮਾਂਤ ਪਰਿਵਾਰਾਂ ਨੂੰ ਲਾਭ ਹੋਵੇਗਾ।
ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਦੇ ਤਹਿਤ ਮੇਘਾਲਿਆ ਦੇ ਉੱਤਰ ਪੂਰਬੀ ਸਰਕਟ ’ਚ ਵਿਕਸਤ ਕੀਤੀਆਂ ਗਈਆਂ ਸੈਰ-ਸਪਾਟਾ ਸਹੂਲਤਾਂ, ਬਿਹਾਰ ਅਤੇ ਰਾਜਸਥਾਨ ਵਿੱਚ ਅਧਿਆਤਮਿਕ ਸਰਕਟ, ਬਿਹਾਰ ਵਿੱਚ ਗ੍ਰਾਮੀਣ ਅਤੇ ਤੀਰਥੰਕਰ ਸਰਕਟ, ਜੋਗੁਲੰਬਾ ਗਡਵਾਲ ਜ਼ਿਲਾ, ਤੇਲੰਗਾਨਾ ’ਚ ਜੋਗੁਲਾਂਬਾ ਦੇਵੀ ਮੰਦਰ ਦਾ ਵਿਕਾਸ ਅਤੇ ਅਨੂਪਪੁਰ ਜ਼ਿਲ੍ਹਾ, ਮੱਧ ਪ੍ਰਦੇਸ਼ ’ਚ ਅਮਰਕੰਟਕ ਮੰਦਰ ਦਾ ਵਿਕਾਸ ਵੀ ਸ਼ਾਮਲ ਹੈ।
ਪੀਆਈਬੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 43 ਪ੍ਰੋਜੈਕਟ ਵੀ ਲਾਂਚ ਕਰਨਗੇ। ਇਹ ਦੇਸ਼ ਵਿੱਚ ਤੀਰਥ ਸਥਾਨਾਂ ਅਤੇ ਸੈਰ-ਸਪਾਟਾ ਸਥਾਨਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਵਿਕਾਸ ਕਰਨਗੇ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੰਨਾਵਰਮ ਮੰਦਿਰ, ਤਮਿਲਨਾਡੂ ਦੇ ਤੰਜਾਵੁਰ ਅਤੇ ਮਾਇਲਾਦੁਥੁਰਾਈ ਜ਼ਿਲ੍ਹੇ, ਪੁਡੂਚੇਰੀ ਦੇ ਕਰਾਈਕਲ ਜ਼ਿਲ੍ਹੇ ਦੇ ਨਵਗ੍ਰਹਿ ਮੰਦਰ, ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਸ੍ਰੀ ਚਾਮੁੰਡੇਸ਼ਵਰੀ ਦੇਵੀ ਮੰਦਰ, ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਕਰਣੀ ਮਾਤਾ ਮੰਦਰ, ਹਿਮਾਚਲ ਦੇ ਊਨਾ ਜ਼ਿਲ੍ਹੇ ਮਾਂ ਚਿੰਤਪੁਰਨੀ ਮੰਦਿਰ, ਗੋਆ ਵਿੱਚ, ਬਾਸੀਲਿਕਾ ਆਫ਼ ਬੋਮ ਜੀਸਸ ਚਰਚ ਮਹੱਤਵਪੂਰਨ ਧਾਰਮਿਕ ਸਥਾਨ ਸ਼ਾਮਲ ਹਨ।
ਇਸ ਪ੍ਰੋਜੈਕਟ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਮੇਚੁਕਾ ਐਡਵੈਂਚਰ ਪਾਰਕ, ਗੁੰਜੀ, ਪਿਥੌਰਾਗੜ੍ਹ, ਉੱਤਰਾਖੰਡ ਵਿੱਚ ਪੇਂਡੂ ਸੈਰ-ਸਪਾਟਾ ਕਲੱਸਟਰ ਅਨੁਭਵ, ਅਨੰਤਗਿਰੀ ਜੰਗਲ, ਅਨੰਤਗਿਰੀ, ਤੇਲੰਗਾਨਾ ਵਿੱਚ ਈਕੋਟੂਰਿਜ਼ਮ ਜ਼ੋਨ, ਸੋਹਰਾ, ਮੇਘਾਲਿਆ ਵਿੱਚ ਮੇਘਾਲਿਆ ਏਜ ਗੁਫਾ ਦਾ ਅਨੁਭਵ ਅਤੇ ਝਰਨਾ ਟ੍ਰੇਲਜ਼ ਦਾ ਅਨੁਭਵ, ਜੋਰਹਾਟ, ਅਸਾਮ ਵਿੱਚ ਸਿਨਮਾਰਾ ਟੀ ਅਸਟੇਟ ਦੀ ਧਾਰਨਾ, ਕਾਂਜਲੀ ਵੈਟਲੈਂਡ, ਕਪੂਰਥਲਾ, ਪੰਜਾਬ ਵਿੱਚ ਈਕੋ ਟੂਰਿਜ਼ਮ ਅਨੁਭਵ, ਲੇਹ ਵਿੱਚ ਜੂਲੀ ਲੇਹ ਬਾਇਓਡਾਇਵਰਸਿਟੀ ਪਾਰਕ ਵਰਗੇ ਕਈ ਹੋਰ ਸਥਾਨਾਂ ਅਤੇ ਅਨੁਭਵ ਕੇਂਦਰਾਂ ਦਾ ਵਿਕਾਸ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ‘ਦੇਖੋ ਆਪਣਾ ਦੇਸ਼ ਪੀਪਲਜ਼ ਚੁਆਇਸ 2024’ ਦੇ ਰੂਪ ’ਚ ਸੈਰ-ਸਪਾਟੇ ‘ਤੇ ਦੇਸ਼ ਦੀ ਨਬਜ਼ ਦਾ ਪਤਾ ਲਗਾਉਣ ਲਈ ਪਹਿਲੀ ਰਾਸ਼ਟਰਵਿਆਪੀ ਪਹਿਲਕਦਮੀ ਅਤੇ ਭਾਰਤੀ ਪ੍ਰਵਾਸੀਆਂ ਨੂੰ ਬੇਮਿਸਾਲ ਭਾਰਤ ਦੇ ਰਾਜਦੂਤ ਬਣਨ ਅਤੇ ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਮੁਹਿੰਮ’ ਦਾ ਸ਼ੁੱਭ ਆਰੰਭ ਕਰਨਗੇ।
