ਮੋਰਿੰਡਾ, 06 ਮਾਰਚ । ਸੰਯੁਕਤ ਕਿਸਾਨ ਮੋਰਚਾ ਬਲਾਕ ਮੋਰਿੰਡਾ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਵਿਖੇ ਹੋਈ, ਜਿਸ ਵਿੱਚ 14 ਫਰਵਰੀ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਖੇ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਢੰਗਰਾਲੀ ਅਤੇ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ 14 ਫਰਵਰੀ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਦਿੱਲੀ ਵਿਖੇ ਕਿਸਾਨ ਮਹਾਂ ਪੰਚਾਇਤ ਹੋ ਰਹੀ ਹੈ ਜਿਸ ਵਿੱਚ ਕੁਲ ਭਾਰਤ ਦੇ ਕਿਸਾਨ ਸ਼ਾਮਿਲ ਹੋਣਗੇ, ਉਸ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਬਲਾਕ ਮੋਰਿੰਡਾ ਵਿੱਚੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਚਲਾਕੀ ਨੇ ਕਿਹਾ ਕਿ ਕਿਸਾਨ ਟਰੈਕਟਰ ਟਰਾਲੀਆਂ ਦੀ ਬਜਾਏ ਟ੍ਰੇਨ ਬੱਸਾਂ ਅਤੇ ਕਾਰਾਂ ਰਾਹੀਂ ਮਹਾ ਪੰਚਾਇਤ ਵਿੱਚ ਮੋਰਿੰਡਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣਗੇ ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਜੋ ਵੀ ਆਦੇਸ਼ ਹੋਵੇਗਾ ਉਸ ਨੂੰ ਪੂਰਾ ਕਰਨ ਲਈ ਅਤੇ ਮੋਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਦੋਂ ਤੱਕ ਦਿੱਲੀ ਮੋਰਚੇ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।
