ਕੋਲਕਾਤਾ। ਅਦਾਲਤ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ‘ਚ ਔਰਤਾਂ ਦਾ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਦੋਸ਼ੀ ਤ੍ਰਿਣਮੂਲ ਕਾਂਗਰਸ ਨੇਤਾ ਸ਼ਾਹਜਹਾਂ ਸ਼ੇਖ ਨੂੰ 10 ਦਿਨਾਂ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ। ਪੁਲਿਸ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 10 ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਕਰੀਬ 57 ਦਿਨਾਂ ਤੋਂ ਫਰਾਰ ਸ਼ਾਹਜਹਾਂ ਸ਼ੇਖ ਨੂੰ ਅੱਜ ਸਵੇਰੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ‘ਤੇ ਭੀੜ ਦੇ ਹਮਲੇ ਤੋਂ ਬਾਅਦ ਸ਼ਾਹਜਹਾਂ ਸ਼ੇਖ ਫਰਾਰ ਸੀ ਅਤੇ ਪੁਲਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਸ਼ੇਖ ਨੂੰ ਉੱਤਰੀ 24 ਪਰਗਨਾ ਜ਼ਿਲੇ ਦੇ ਮੀਨਾਖਾ ‘ਚ ਇਕ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬਸ਼ੀਰਹਾਟ ਅਦਾਲਤ ਵਿੱਚ ਲਿਜਾਇਆ ਗਿਆ। ਸ਼ੇਖ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੰਦੇਸ਼ਖਾਲੀ ਦੇ ਲੋਕ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਸਨ।
ਇਸ ਦੌਰਾਨ ਸ਼ੇਖ ਦੀ ਗ੍ਰਿਫਤਾਰੀ ‘ਤੇ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਕਿਹਾ, “ਅੱਜ ਬੰਗਾਲ ਵਿੱਚ ਅਸੀਂ ਅੰਤ ਦੀ ਸ਼ੁਰੂਆਤ ਦੇਖ ਰਹੇ ਹਾਂ। ਸੰਦੇਸ਼ਖਾਲੀ ਕਾਂਡ ਦੇ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਸਾਰਿਆਂ ਲਈ ਅੱਖ ਖੋਲਣ ਵਾਲੀ ਹੈ… ਅਸੀਂ ਬੰਗਾਲ ‘ਚ ਹਿੰਸਾ ਨੂੰ ਖਤਮ ਕਰਨਾ ਹੈ… ਪਿਛਲੀਆਂ ਪੰਚਾਇਤੀ ਚੋਣਾਂ ‘ਚ ਮੈਨੂੰ ਘਟਨਾ ਵਾਲੀ ਥਾਂ ‘ਤੇ ਜਾ ਕੇ ਲੋਕਾਂ ਅਤੇ ਪੀੜਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। … ਉਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਇਸ ਨੂੰ ਲੋਕ ‘ਗੁੰਡਾਰਾਜ’ ਕਹਿੰਦੇ ਹਨ, ਇਹ ਬੰਗਾਲ ਦੇ ਇਲਾਕਿਆਂ ਵਿਚ ਬਹੁਤ ਪ੍ਰਚਲਿਤ ਹੈ। ਸਾਨੂੰ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਕਰਨੀ ਪਵੇਗੀ…”
