ਚੰਡੀਗੜ੍ਹ, । ਸੁਪਰੀਮ ਕੋਰਟ ਦੁਆਰਾ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਨਿਯੁਕਤੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਉਲੀਕੀ ਗਈ ਸੀ ਜੋ ਕਿ ਅੱਜ ਨਗਰ ਨਿਗਮ ਮੇਅਰ ਅਤੇ ਪ੍ਰਜ਼ਾਈਡਿੰਗ ਅਧਿਕਾਰੀ ਕੁਲਦੀਪ ਕੁਮਾਰ ਦੁਆਰਾ ਅਹੁਦਾ ਨਾ ਸੰਭਾਲਣ ਅਤੇ ਨਿੱਜੀ ਕਾਰਨਾਂ ਕਾਰਨ ਚੋਣ ਪ੍ਰਕਿਰਿਆ ’ਚ ਹਿੱਸਾ ਨਾ ਲੈ ਸਕਣ ਕਾਰਨ ਸੰਭਵ ਨਹੀਂ ਹੋ ਸਕੀ ਜਦਕਿ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖ਼ੇਰ ਸਣੇਂ ਭਾਜਪਾ ਦੇ ਕੌਂਸਲਰ ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਪਹੁੰਚੇ ਸਨ। ਦੂਜੇ ਪਾਸੇ ਮੇਅਰ ਸਣੇਂ ‘ਇੰਡੀਆ’ ਗਠਜੋੜ ਤੋਂ ਕੋਈ ਵੀ ਕੌਂਸਲਰ ਇਸ ਚੋਣ ’ਚ ਹਿੱਸਾ ਲੈਣ ਨਹੀਂ ਪਹੁੰਚਿਆ। ਜਿਸ ’ਤੇ ਵਿਰੋਧੀ ਧਿਰ ਭਾਜਪਾ ਵਲੋਂ ਸਖ਼ਤ ਇਤਰਾਜ਼ ਦਰਜ਼ ਕੀਤਾ ਗਿਆ ਅਤੇ ਸਬੰਧਿਤ ਅਧਿਕਾਰੀ ਦੀ ਅਗਵਾਈ ’ਚ ਇਹ ਚੋਣ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਗਈ।
ਭਾਜਪਾ ਦੇ ਸਾਬਕਾ ਸੀਨੀਅਰ ਡਿਪਟੀ ਕੌਂਸਲਰ ਰਾਣਾ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਦੀ ਜਨਤਾ ਨੇ ਦੇਖਿਆ ਕਿ ਇਕ ਭਗੌੜਾ ਮੇਅਰ ਕਿਸ ਤਰ੍ਹਾਂ ਚੋਣਾਂ ਤੋਂ ਭੱਜ ਰਿਹਾ ਹੈ ਜਦੋਂ ਸਭ ਨੂੰ ਪਤਾ ਸੀ ਕਿ ਚੋਣ ਦਾ ਸਮਾਂ ਮੰਗਲਵਾਰ ਸਵੇਰੇ 10 ਵਜੇ ਦਾ ਹੈ ਪਰ ਮੇਅਰ ਦੁਆਰਾ ਨਿੱਜੀ ਕੰਮ ਦਾ ਬਹਾਨਾ ਬਣਾ ਕੇ ਮੰਗਲਵਾਰ ਜਾਣਬੁੱਝ ਕੇ ਚੋਣ ਪ੍ਰਕਿਰਿਆ ’ਚ ਹਿੱਸਾ ਨਹੀਂ ਲਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਭਾਜਪਾ ’ਚ ਸ਼ਾਮਿਲ ਹੋ ਰਹੇ ਹਨ, ਇਸ ਡਰ ਕਾਰਨ ਹੀ ‘ਆਪ’ ਚੋਣ ਤੋਂ ਭੱਜ ਰਹੀ ਹੈ। ਕਾਂਗਰਸ ਦੇ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਚੋਣ ਲਈ ਉਮੀਦਵਾਰ ਗੁਰਪ੍ਰੀਤ ਗਾਬੀ ਨੇ ਕਿਹਾ ਕਿ ਮੇਅਰ ਚੋਣ ’ਚ ਭਾਜਪਾ ਦੀ ਭੂਮਿਕਾ ਕਾਰਨ ਅਸੀਂ ਮੇਅਰ ਕੁਲਦੀਪ ਕੁਮਾਰ ਟੀਟਾ ਦੀ ਗੈਰ ਹਾਜ਼ਰੀ ’ਚ ਇਸ ਚੋਣ ਪ੍ਰਕਿਰਿਆ ਵਿਚ ਹਿੱਸਾ ਨਹੀਂ ਲੈ ਸਕਦੇ ਸੀ। ਹੁਣ ਜਾਰੀ ਹੋਏ ਨਵੇਂ ਨੋਟੀਫ਼ਿਕੇਸ਼ਨ ਅਧੀਨ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ’ਚ ਹੀ ਇਹ ਚੋਣ ਹੋਵੇਗੀ। ਉਧਰ ਇਸ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਚੋਣ ਸਬੰਧੀ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਅਨੁਸਾਰ ਹੁਣ 4 ਮਾਰਚ ਨੂੰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ ਅਤੇ 28 ਤੇ 29 ਫ਼ਰਵਰੀ ਨੂੰ ਉਮੀਦਵਾਰ ਦੁਬਾਰਾ ਆਪਣੀ ਨਾਮਜ਼ਦਗੀ ਦਾਖਿਲ ਕਰ ਸਕਦੇ ਹਨ।
