ਕੋਲੰਬੋ, 26 ਫਰਵਰੀ । ਸ੍ਰੀਲੰਕਾ ਨੇ ਇੱਕ ਫਰਮਾਨ ਜਾਰੀ ਕਰਕੇ ਰੂਸ ਅਤੇ ਯੂਕ੍ਰੇਨ ਦੇ ਹਜ਼ਾਰਾਂ ਸੈਲਾਨੀਆਂ ਨੂੰ ਦੋ ਹਫ਼ਤਿਆਂ ਵਿੱਚ ਦੇਸ਼ ਛੱਡਣ ਲਈ ਕਿਹਾ ਹੈ। ਦੱਸ ਦਈਏ ਕਿ ਫਰਵਰੀ 2022 ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਰੀਬ 300,000 ਰੂਸੀ ਅਤੇ 20,000 ਯੂਕ੍ਰੇਨੀਅਨ ਸ਼੍ਰੀਲੰਕਾ ਪਹੁੰਚ ਚੁੱਕੇ ਹਨ। ਰੂਸੀ ਅਤੇ ਯੂਕ੍ਰੇਨੀ ਸੈਲਾਨੀਆਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਵਧੇ ਹੋਏ ਵੀਜ਼ੇ ਦੇ ਤਹਿਤ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਸ ਸਮੇਂ ਵਿਸਤ੍ਰਿਤ ਵੀਜ਼ਿਆਂ ‘ਤੇ ਟਾਪੂ ਦੇਸ਼ ਵਿੱਚ ਰੁਕੇ ਸੈਲਾਨੀਆਂ ਦੀ ਗਿਣਤੀ ਉਪਲੱਬਧ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਕੰਟਰੋਲਰ ਨੇ ਸੈਰ-ਸਪਾਟਾ ਮੰਤਰਾਲੇ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਰੂਸੀ ਅਤੇ ਯੂਕ੍ਰੇਨੀ ਸੈਲਾਨੀਆਂ ਨੂੰ 23 ਫਰਵਰੀ ਤੋਂ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣਾ ਹੋਵੇਗਾ। ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ।
ਦੂਜੇ ਪਾਸੇ ਪ੍ਰਧਾਨ ਰਾਨਿਲ ਵਿਕਰਮਸਿੰਘੇ ਦੇ ਦਫ਼ਤਰ ਨੇ ਨੋਟਿਸ ਜਾਰੀ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਆਦੇਸ਼ ਵਿੱਚ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਕਿ ਪਿਛਲੀ ਮਿਆਦ ਦੇ ਵਾਧੇ ਨੂੰ ਰੱਦ ਕਰਨ ਸਬੰਧੀ ਕੈਬਨਿਟ ਫੈਸਲੇ ਤੋਂ ਬਿਨਾਂ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਹਿਣ ਦਾ ਫੈਸਲਾ ਕਿਵੇਂ ਲਿਆ ਗਿਆ।
