ਬੀਜਿੰਗ, 24 ਫਰਵਰੀ ਚੀਨ ਦੇ ਜਿਆਂਗਸੂ ਪ੍ਰਾਂਤ ਦੀ ਰਾਜਧਾਨੀ ਨਾਨਜਿੰਗ ’ਚ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਝੁਲਸ ਗਏ। ਝੁਲਸੇ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਵੇਰਵੇ ਦਿੰਦੇ ਹੋਏ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਪ੍ਰਾਂਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ।
ਗਲੋਬਲ ਟਾਈਮਜ਼ ਮੁਤਾਬਕ ਸ਼ੁੱਕਰਵਾਰ ਤੜਕੇ 4:39 ਵਜੇ ਇਸ ਰਿਹਾਇਸ਼ੀ ਇਮਾਰਤ ’ਚ ਅੱਗ ਲੱਗ ਗਈ। ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਅੱਗ ਇਮਾਰਤ ਦੇ ਅੰਦਰ ਖੜ੍ਹੇ ਇਲੈਕਟ੍ਰਿਕ ਸਾਈਕਲਾਂ ਕਾਰਨ ਲੱਗੀ। ਇਹ ਇਮਾਰਤ 80 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨਾਨਜਿੰਗ ਦੇ ਯੁਹੂਤਾਈ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਸਥਾਨ ਸ਼ੰਘਾਈ ਦੇ ਉੱਤਰ-ਪੱਛਮ ਵਿੱਚ ਲਗਭਗ 260 ਕਿਲੋਮੀਟਰ (162 ਮੀਲ) ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਦੀ ਮਦਦ ਨਾਲ ਸਵੇਰੇ 6 ਵਜੇ ਤੱਕ ਅੱਗ ’ਤੇ ਕਾਬੂ ਪਾਇਆ ਗਿਆ। ਕਰੀਬ ਖੋਜ ਅਤੇ ਬਚਾਅ ਕਾਰਜ ਦੁਪਹਿਰ 2 ਵਜੇ ਦੇ ਪੂਰਾ ਹੋਇਆ।
