ਨਵੀਂ ਦਿੱਲੀ, 20 ਫਰਵਰੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਜੰਮੂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਸਾਰੇ ਹਿੱਸਿਆਂ ਨੂੰ 30,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣਗੇ। ਬੀਜੇਪੀ ਨੇ ਆਪਣੇ ਐਕਸ ਹੈਂਡਲ ‘ਤੇ ਪ੍ਰਧਾਨ ਮੰਤਰੀ ਦੀ ਜੰਮੂ ਫੇਰੀ ਦਾ ਸੰਖੇਪ ਵੇਰਵਾ ਸਾਂਝਾ ਕੀਤਾ ਹੈ। ਨਾਲ ਹੀ, ਕੇਂਦਰ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀਆਈਬੀ) ਨੇ ਪ੍ਰਧਾਨ ਮੰਤਰੀ ਦੇ ਜੰਮੂ ਦੌਰੇ ਦੀ ਪੂਰਵ ਸੰਧਿਆ ‘ਤੇ ਪੂਰਾ ਪ੍ਰੋਗਰਾਮ ਜਾਰੀ ਕੀਤਾ ਹੈ।
ਪੀਆਈਬੀ ਦੀ ਰੀਲੀਜ਼ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਦੇ ਮੌਲਾਨਾ ਆਜ਼ਾਦ ਸਟੇਡੀਅਮ ਵਿੱਚ ਆਯੋਜਿਤ ਇੱਕ ਜਨਤਕ ਸਮਾਰੋਹ ਵਿੱਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰਾਜੈਕਟ ਸਿਹਤ, ਸਿੱਖਿਆ, ਰੇਲ, ਸੜਕ, ਹਵਾਬਾਜ਼ੀ, ਪੈਟਰੋਲੀਅਮ, ਸਿਵਲ ਬੁਨਿਆਦੀ ਢਾਂਚੇ ਸਮੇਤ ਕਈ ਖੇਤਰਾਂ ਨਾਲ ਸਬੰਧਤ ਹਨ। ਪ੍ਰੈੱਸ ਇਨਫਰਮੇਸ਼ਨ ਬਿਊਰੋ ਮੁਤਾਬਕ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਦੇ ਲਗਭਗ 1500 ਨਵੇਂ ਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ। ਉਹ ‘ਵਿਕਸਿਤ ਭਾਰਤ ਵਿਕਸਿਤ ਜੰਮੂ’ ਪ੍ਰੋਗਰਾਮ ਤਹਿਤ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ।
ਸਿੱਖਿਆ ਖੇਤਰ : ਦੇਸ਼ ਭਰ ਵਿੱਚ ਸਿੱਖਿਆ ਅਤੇ ਹੁਨਰ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਵਿਕਸਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ, ਪ੍ਰਧਾਨ ਮੰਤਰੀ ਮੋਦੀ ਲਗਭਗ 13,375 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਆਈਆਈਟੀ ਭਿਲਾਈ, ਆਈਆਈਟੀ ਤਿਰੂਪਤੀ, ਆਈਆਈਟੀ ਜੰਮੂ, ਆਈਆਈਆਈਟੀਡੀਐੱਮ ਕਾਂਚੀਪੁਰਮ, ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ (ਆਈਆਈਐੱਸ) ਕਾਨਪੁਰ ਦਾ ਸਥਾਈ ਕੈਂਪਸ, ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਦੇਵਪ੍ਰਯਾਗ (ਉੱਤਰਾਖੰਡ) ਅਤੇ ਅਗਰਤਲਾ (ਤ੍ਰਿਪੁਰਾ) ਵਿਖੇ ਸਥਿਤ ਦੋ ਕੈਂਪਸ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੇਸ਼ ਵਿੱਚ ਤਿੰਨ ਨਵੇਂ ਆਈਆਈਐੱਮ – ਆਈਆਈਐੱਮ ਜੰਮੂ, ਆਈਆਈਐੱਮ ਬੋਧ ਗਯਾ ਅਤੇ ਆਈਆਈਐੱਮ ਵਿਸ਼ਾਖਾਪਟਨਮ ਦਾ ਉਦਘਾਟਨ ਕਰਨਗੇ। ਉਹ ਦੇਸ਼ ਵਿੱਚ ਕੇਂਦਰੀ ਵਿਦਿਆਲਿਆ ਦੀਆਂ 20 ਨਵੀਆਂ ਇਮਾਰਤਾਂ ਅਤੇ ਨਵੋਦਿਆ ਵਿਦਿਆਲਿਆ ਦੀਆਂ 13 ਨਵੀਆਂ ਇਮਾਰਤਾਂ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਦੇਸ਼ ਵਿੱਚ ਨਵੋਦਿਆ ਵਿਦਿਆਲਿਆ ਲਈ ਪੰਜ ਕੇਂਦਰੀ ਵਿਦਿਆਲਿਆ ਕੈਂਪਸ, ਇੱਕ ਨਵੋਦਿਆ ਵਿਦਿਆਲਿਆ ਕੈਂਪਸ ਅਤੇ ਨਵੋਦਿਆ ਵਿਦਿਆਲਿਆ ਲਈ ਪੰਜ ਮਲਟੀਪਰਪਜ਼ ਹਾਲਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਨਵੇਂ ਬਣੇ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਦੀਆਂ ਇਮਾਰਤਾਂ ਦੇਸ਼ ਭਰ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਜੰਮੂ : ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾ ਅਤੇ ਸੰਮਲਿਤ ਤੀਸਰੀ ਦੇਖਭਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਵਿੱਚ, ਪ੍ਰਧਾਨ ਮੰਤਰੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਵਿਜੇਪੁਰ (ਸਾਂਬਾ), ਜੰਮੂ ਦਾ ਉਦਘਾਟਨ ਕਰਨਗੇ। ਇਸ ਸੰਸਥਾ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਰੱਖਿਆ ਸੀ। ਲਗਭਗ 1660 ਕਰੋੜ ਰੁਪਏ ਦੀ ਲਾਗਤ ਨਾਲ 227 ਏਕੜ ਤੋਂ ਵੱਧ ਰਕਬੇ ਵਿੱਚ ਸਥਾਪਿਤ ਹਸਪਤਾਲ ਵਿੱਚ 720 ਬਿਸਤਰ, 125 ਸੀਟਾਂ ਵਾਲਾ ਮੈਡੀਕਲ ਕਾਲਜ, 60 ਸੀਟਾਂ ਵਾਲਾ ਨਰਸਿੰਗ ਕਾਲਜ ਅਤੇ 30 ਬਿਸਤਰਿਆਂ ਵਾਲਾ ਆਯੂਸ਼ ਬਲਾਕ ਅਤੇ ਫੈਕਲਟੀ ਅਤੇ ਸਟਾਫ਼ ਲਈ ਰਿਹਾਇਸ਼ੀ ਸਹੂਲਤਾਂ, ਯੂਜੀ ਅਤੇ ਪੀਜੀ ਵਿਦਿਆਰਥੀਆਂ ਹੋਸਟਲ ਰਿਹਾਇਸ਼, ਰੈਣ ਬਸੇਰੇ, ਗੈਸਟ ਹਾਊਸ, ਆਡੀਟੋਰੀਅਮ, ਸ਼ਾਪਿੰਗ ਕੰਪਲੈਕਸ ਦੀਆਂ ਸਹੂਲਤਾਂ ਨਾਲ ਲੈਸ ਹੈ। ਇਹ ਅਤਿ-ਆਧੁਨਿਕ ਕਾਰਡੀਓਲੋਜੀ, ਗੈਸਟਰੋ-ਐਂਟਰੌਲੋਜੀ, ਨੈਫਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸੁਰਜੀ, ਮੈਡੀਕਲ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਐਂਡੋਕਰੀਨੋਲੋਜੀ, ਬਰਨਸ ਅਤੇ ਪਲਾਸਟਿਕ ਸਰਜਰੀ ਸਮੇਤ 18 ਸਪੈਸ਼ਲਟੀਜ਼ ਅਤੇ 17 ਸੁਪਰ ਸਪੈਸ਼ਲਟੀਜ਼ ਵਿੱਚ ਉੱਚ ਗੁਣਵੱਤਾ ਵਾਲੇ ਮਰੀਜ਼ਾਂ ਦੀ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਸ ਸੰਸਥਾ ਵਿੱਚ ਇੰਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟਰੌਮਾ ਯੂਨਿਟ, 20 ਮਾਡਿਊਲਰ ਅਪਰੇਸ਼ਨ ਥੀਏਟਰ, ਡਾਇਗਨੌਸਟਿਕ ਲੈਬਾਰਟਰੀਆਂ, ਬਲੱਡ ਬੈਂਕ, ਫਾਰਮੇਸੀ ਆਦਿ ਸਹੂਲਤਾਂ ਹੋਣਗੀਆਂ।
ਜੰਮੂ ਹਵਾਈ ਅੱਡੇ ’ਚ ਬਣੇਗਾ ਨਵਾਂ ਟਰਮੀਨਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਹਵਾਈ ਅੱਡੇ ਦੇ ਨਵੇਂ ਟਰਮੀਨਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਲਗਭਗ 40,000 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਨਵੀਂ ਟਰਮੀਨਲ ਇਮਾਰਤ ਪੀਕ ਘੰਟਿਆਂ ਦੌਰਾਨ ਲਗਭਗ 2000 ਯਾਤਰੀਆਂ ਦੀ ਸੇਵਾ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।
ਰੇਲ ਪ੍ਰੋਜੈਕਟ : ਪ੍ਰਧਾਨ ਮੰਤਰੀ ਜੰਮੂ ਅਤੇ ਕਸ਼ਮੀਰ ਵਿੱਚ ਵੱਖ-ਵੱਖ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ਬਨਿਹਾਲ-ਖਾਰੀ-ਸੁੰਬਰ-ਸੰਗਲਦਾਨ (48 ਕਿਲੋਮੀਟਰ) ਅਤੇ ਨਵੇਂ ਬਿਜਲੀ ਵਾਲੇ ਬਾਰਾਮੂਲਾ-ਸ਼੍ਰੀਨਗਰ-ਬਨਿਹਾਲ-ਸੰਗਲਦਾਨ ਸੈਕਸ਼ਨ (185.66 ਕਿਲੋਮੀਟਰ) ਵਿਚਕਾਰ ਨਵੀਂ ਰੇਲ ਲਾਈਨ ਸ਼ਾਮਲ ਹਨ। ਪ੍ਰਧਾਨ ਮੰਤਰੀ ਘਾਟੀ ਵਿੱਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਅਤੇ ਸੰਗਲਦਾਨ ਸਟੇਸ਼ਨ ਅਤੇ ਬਾਰਾਮੂਲਾ ਸਟੇਸ਼ਨ ਦੇ ਵਿਚਕਾਰ ਰੇਲ ਸੇਵਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਬਨਿਹਾਲ-ਖਾਰੀ-ਸੁੰਬਰ-ਸੰਗਲਦਾਨ ਸੈਕਸ਼ਨ ਦਾ ਚਾਲੂ ਹੋਣਾ ਮਹੱਤਵਪੂਰਨ ਹੈ ਕਿਉਂਕਿ ਇਸ ’ਚ ਪੂਰੇ ਮਾਰਗ ‘ਤੇ ਬੈਲਸਟ ਲੈਸ ਟ੍ਰੈਕ (ਬੀਐੱਲਟੀ) ਦੀ ਵਰਤੋਂ ਕੀਤੀ ਗਈ ਹੈ ਜੋ ਯਾਤਰੀਆਂ ਨੂੰ ਬਿਹਤਰ ਸਵਾਰੀ ਅਨੁਭਵ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਭਾਰਤ ਦੀ ਸਭ ਤੋਂ ਲੰਬੀ ਟਰਾਂਸਪੋਰਟ ਸੁਰੰਗ ਟੀ-50 (12.77 ਕਿਲੋਮੀਟਰ) ਖਾਰੀ-ਸੁੰਬਰ ਦੇ ਵਿਚਕਾਰ ਇਸ ਖੇਤਰ ਵਿੱਚ ਸਥਿਤ ਹੈ। ਰੇਲ ਪ੍ਰੋਜੈਕਟ ਸੰਪਰਕ ਵਿੱਚ ਸੁਧਾਰ ਕਰਨਗੇ, ਵਾਤਾਵਰਣ ਦੀ ਸਥਿਰਤਾ ਨੂੰ ਯਕੀਨੀ ਬਣਾਉਣਗੇ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।
ਸੜਕ ਪ੍ਰੋਜੈਕਟ : ਪ੍ਰਧਾਨ ਮੰਤਰੀ ਮੋਦੀ ਜੰਮੂ ਤੋਂ ਕਟੜਾ ਨੂੰ ਜੋੜਨ ਵਾਲੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦੇ ਦੋ ਪੈਕੇਜਾਂ (44.22 ਕਿਲੋਮੀਟਰ) ਸਮੇਤ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਤੋਂ ਇਲਾਵਾ ਸ੍ਰੀਨਗਰ ਰਿੰਗ ਰੋਡ ਚਹੁੰ-ਮਾਰਗੀ ਕਰਨ ਲਈ ਫੇਜ਼ ਦੋ, ਨੈਸ਼ਨਲ ਹਾਈਵੇ-01 ਦੇ 161 ਕਿਲੋਮੀਟਰ ਲੰਬੇ ਸ੍ਰੀਨਗਰ-ਬਾਰਾਮੂਲਾ-ਉੜੀ ਸੈਕਸ਼ਨ ਦੇ ਨਵੀਨੀਕਰਨ ਲਈ ਪੰਜ ਪੈਕੇਜ ਅਤੇ ਰਾਸ਼ਟਰੀ ਰਾਜਮਾਰਗ-444 ‘ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਣਗੇ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਦੋ ਪੈਕੇਜਾਂ ਦੇ ਮੁਕੰਮਲ ਹੋਣ ਨਾਲ ਸ਼ਰਧਾਲੂਆਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਮੰਦਿਰ ਦੇ ਦਰਸ਼ਨਾਂ ਦੀ ਸਹੂਲਤ ਤੋਂ ਇਲਾਵਾ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ, ਇਸ ਵਿੱਚ ਸ਼੍ਰੀਨਗਰ ਰਿੰਗ ਰੋਡ ਦੇ ਚਾਰ ਮਾਰਗੀ ਦੇ ਦੂਜੇ ਪੜਾਅ ਵਿੱਚ ਮੌਜੂਦਾ ਸੁੰਬਲ-ਵੈਯੂਲ ਐੱਨਐੱਚ-1 ਨੂੰ ਅਪਗ੍ਰੇਡ ਕਰਨਾ ਵੀ ਸ਼ਾਮਲ ਹੈ। ਇਹ 24.7 ਕਿਲੋਮੀਟਰ ਲੰਬਾ ਬ੍ਰਾਊਨਫੀਲਡ ਪ੍ਰੋਜੈਕਟ ਸ਼੍ਰੀਨਗਰ ਸ਼ਹਿਰ ਅਤੇ ਆਲੇ-ਦੁਆਲੇ ਦੀ ਆਵਾਜਾਈ ਨੂੰ ਘੱਟ ਕਰੇਗਾ। ਇਸ ਨਾਲ ਮਾਨਸਬਲ ਝੀਲ ਅਤੇ ਖੀਰ ਭਵਾਨੀ ਮੰਦਿਰ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਲੇਹ, ਲੱਦਾਖ ਦੀ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ। ਐੱਨਐੱਚ-01 ਦੇ 161 ਕਿਲੋਮੀਟਰ ਲੰਬੇ ਸ਼੍ਰੀਨਗਰ-ਬਾਰਾਮੂਲਾ-ਉੜੀ ਸੈਕਸ਼ਨ ਨੂੰ ਅਪਗ੍ਰੇਡ ਕਰਨ ਦਾ ਪ੍ਰੋਜੈਕਟ ਰਣਨੀਤਕ ਮਹੱਤਵ ਵਾਲਾ ਹੈ। ਬਾਰਾਮੂਲਾ ਅਤੇ ਉੜੀ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਤੋਂ ਇਲਾਵਾ, ਕਾਜ਼ੀਗੁੰਡ-ਕੁਲਗਾਮ-ਸ਼ੋਪੀਆਂ-ਪੁਲਵਾਮਾ-ਬਡਗਾਮ-ਸ਼੍ਰੀਨਗਰ ਨੂੰ ਜੋੜਨ ਵਾਲੇ ਐੱਨਐੱਚ-444 ‘ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਖੇਤਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗਾ।
ਸੀਯੂਐਫ ਪੈਟਰੋਲੀਅਮ ਡਿਪੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਵਿੱਚ ਸੀਯੂਐੱਫ (ਕਾਮਨ ਯੂਜ਼ਰ ਫੈਸਿਲਿਟੀ) ਪੈਟਰੋਲੀਅਮ ਡਿਪੂ ਨੂੰ ਵਿਕਸਤ ਕਰਨ ਲਈ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਲਗਭਗ 677 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਸ ਅਤਿ-ਆਧੁਨਿਕ ਪੂਰੀ ਤਰ੍ਹਾਂ ਆਟੋਮੇਟਿਡ ਡਿਪੂ ਵਿੱਚ ਮੋਟਰ ਸਪਿਰਿਟ (ਐੱਮਐੱਸ), ਹਾਈ ਸਪੀਡ ਡੀਜ਼ਲ (ਐੱਚਐੱਸਡੀ), ਸੁਪੀਰੀਅਰ ਕੈਰੋਸੀਨ ਆਇਲ (ਐੱਸ.ਕੇ.ਓ.), ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.), ਈਥਾਨੌਲ, ਬਾਇਓ ਡੀਜ਼ਲ ਅਤੇ ਵਿੰਟਰ ਗ੍ਰੇਡ ਐਚ.ਐਸ.ਡੀ. ਸਟੋਰੇਜ ਲਈ ਲਗਭਗ 100000 ਕੇਐੱਲ ਦੀ ਸਟੋਰੇਜ ਸਮਰੱਥਾ ਹੋਵੇਗੀ।
ਹੋਰ ਪ੍ਰੋਜੈਕਟ : ਪ੍ਰਧਾਨ ਮੰਤਰੀ ਮੋਦੀ ਜੰਮੂ ਅਤੇ ਕਸ਼ਮੀਰ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਜਨਤਕ ਸਹੂਲਤਾਂ ਦੇ ਪ੍ਰਬੰਧ ਲਈ 3150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਸੜਕੀ ਪ੍ਰੋਜੈਕਟ ਅਤੇ ਪੁਲ, ਗਰਿੱਡ ਸਟੇਸ਼ਨ, ਰਿਸੀਵਿੰਗ ਸਟੇਸ਼ਨ, ਟਰਾਂਸਮਿਸ਼ਨ ਲਾਈਨ ਪ੍ਰੋਜੈਕਟ, ਜਨਰਲ ਐਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ, ਕਈ ਡਿਗਰੀ ਕਾਲਜ ਇਮਾਰਤਾਂ, ਸ਼੍ਰੀਨਗਰ ਸ਼ਹਿਰ ਵਿੱਚ ਕੁਸ਼ਲ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ, ਆਧੁਨਿਕ ਨਰਵਾਲ ਫਲ ਮੰਡੀ, ਕਠੂਆ ਵਿਖੇ ਡਰੱਗ ਟੈਸਟਿੰਗ ਲੈਬਾਰਟਰੀ, ਅਤੇ ਟ੍ਰਾਜ਼ਿਟ ਰਿਹਾਇਸ਼ – ਗੰਦਰਬਲ ਅਤੇ ਕੁਪਵਾੜਾ ਵਿੱਚ 224 ਫਲੈਟ ਹਨ। ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਜੰਮੂ-ਕਸ਼ਮੀਰ ਵਿੱਚ ਪੰਜ ਨਵੀਆਂ ਸਨਅਤੀ ਅਸਟੇਟਾਂ ਦਾ ਵਿਕਾਸ, ਜੰਮੂ ਸਮਾਰਟ ਸਿਟੀ ਦੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਕੇਂਦਰ ਲਈ ਡੇਟਾ ਸੈਂਟਰ/ਡਿਜ਼ਾਸਟਰ ਰਿਕਵਰੀ ਸੈਂਟਰ, ਪਰਿਮਪੋਰਾ ਸ੍ਰੀਨਗਰ ਵਿਖੇ ਟਰਾਂਸਪੋਰਟ ਨਗਰ ਦਾ ਅਪਗ੍ਰੇਡੇਸ਼ਨ, 62 ਸੜਕੀ ਪ੍ਰਾਜੈਕਟ ਅਤੇ 42 ਪੁਲਾਂ ਦਾ ਅੱਪਗ੍ਰੇਡੇਸ਼ਨ- ਅਨੰਤਨਾਗ, ਕੁਲਗਾਮ, ਕੁਪਵਾੜਾ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਨੌਂ ਥਾਵਾਂ ‘ਤੇ 2816 ਫਲੈਟਾਂ ਵਾਲੇ ਟਰਾਂਜ਼ਿਟ ਹਾਊਸਿੰਗ ਵਿਕਾਸ ਵੀ ਸ਼ਾਮਲ ਹੈ।
