ਗੁਵਾਹਾਟੀ, 19 ਫਰਵਰੀ । ਅਸਾਮ ਪੁਲਿਸ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ (ਸੀਆਈਡੀ) ਨੇ ਭਾਰਤ ਜੋੜੋ ਨਿਆ ਯਾਤਰਾ ਦੌਰਾਨ ਜਨਤਕ ਜਾਇਦਾਦਾਂ ਨੂੰ ਕਥਿਤ ਤੌਰ ’ਤੇ ਤਬਾਹ ਕਰਨ ਦੇ ਦੋਸ਼ ਵਿੱਚ ਕਾਂਗਰਸ ਸੰਸਦ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ਨੂੰ ਸੰਮਨ ਭੇਜਿਆ ਹੈ। ਇਨ੍ਹਾਂ ਸਾਰੇ ਕਾਂਗਰਸੀ ਆਗੂਆਂ ਨੂੰ 23 ਫਰਵਰੀ ਨੂੰ ਸੀਆਈਡੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦਰਅਸਲ ਹਾਲ ਹੀ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ਦੌਰਾਨ ਅਸਾਮ ’ਚ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ‘ਤੇ ਸੂਬੇ ਦੇ ਗੁਵਾਹਾਟੀ, ਜੋਰਹਾਟ ਅਤੇ ਗਹਿਪੁਰ ਸ਼ਹਿਰਾਂ ‘ਚ ਮਾਮਲੇ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿੱਚ ਸੀਆਈਡੀ ਨੇ ਹੁਣ ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਨੇਤਾਵਾਂ ਕੇਸੀ ਵੇਣੂਗੋਪਾਲ, ਜਤਿੰਦਰ ਸਿੰਘ, ਭੂਪੇਨ ਬੋਰਾ, ਗੌਰਵ ਗੋਗੋਈ, ਦੇਬਾਬ੍ਰਤ ਸੈਕੀਆ, ਜ਼ਾਕਿਰ ਹੁਸੈਨ ਸਿਕਦਰ ਅਤੇ ਰਮੇਨ ਕੁਮਾਰ ਸ਼ਰਮਾ ਨੂੰ ਸੰਮਨ ਜਾਰੀ ਕੀਤਾ ਹੈ। ਸੀਆਈਡੀ ਨੇ ਇਨ੍ਹਾਂ ਆਗੂਆਂ ਨੂੰ 23 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਜੇਕਰ ਇਹ ਆਗੂ ਹਾਜ਼ਰ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਸੀਆਰਪੀਸੀ ਦੀ ਧਾਰਾ 41ਏ (3) ਤਹਿਤ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।
ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਕਾਂਗਰਸ ਨੇਤਾਵਾਂ ਨੂੰ ਭੇਜੇ ਗਏ ਨੋਟਿਸ ‘ਚ ਕਿਹਾ ਗਿਆ ਹੈ ਕਿ ਤੁਹਾਡੇ ਸਾਰਿਆਂ ਖਿਲਾਫ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਰੋਕੂ ਐਕਟ 1984 ਦੇ ਤਹਿਤ ਬਸ਼ਿਸ਼ਟ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸਦੀ ਜਾਂਚ ਦੇ ਸਬੰਧ ਵਿੱਚ ਤੁਹਾਨੂੰ ਪੁੱਛ-ਗਿੱਛ ਕੀਤੀ ਜਾਣੀ ਹੈ। ਇਸ ਲਈ ਤੁਹਾਨੂੰ 23 ਫਰਵਰੀ 2024 ਨੂੰ ਸਵੇਰੇ 11:30 ਵਜੇ ਸੀਆਈਡੀ ਪੁਲਿਸ ਸਟੇਸ਼ਨ, ਉਲੂਬਾੜੀ, ਗੁਵਾਹਾਟੀ ਵਿਖੇ ਹਾਜ਼ਰ ਹੋਣ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਤੁਹਾਡੇ ਸਾਰਿਆਂ ਤੋਂ ਸੰਮਨ ਦਾ ਤੁਰੰਤ ਜਵਾਬ ਦੇਣ ਅਤੇ ਚੱਲ ਰਹੀ ਜਾਂਚ ਵਿੱਚ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ।
