ਨਵੀਂ ਦਿੱਲੀ/ਆਬੂ ਧਾਬੀ, 13 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਨੂੰ ਸੰਯੁਕਤ ਅਰਬ ਅਮੀਰਾਤ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚ ਰਹੇ ਹਨ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਦੁਵੱਲੀ ਮੀਟਿੰਗ ਕਰਨਗੇ। ਉਹ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ‘ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ’ ਮੰਦਰ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਆਬੂ ਧਾਬੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕਰਨਗੇ।
ਨਵੀਂ ਦਿੱਲੀ ਵਿੱਚ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਯਾਤਰਾ ਸਬੰਧੀ ਦੱਸਿਆ ਕਿ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੁਬਈ ਵਿੱਚ ਵਿਸ਼ਵ ਸਰਕਾਰ ਸੰਮੇਲਨ-2024 ਵਿੱਚ ਹਿੱਸਾ ਲੈਣਗੇ। ਕਵਾਤਰਾ ਮੁਤਾਬਕ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਅਤੇ ਪ੍ਰਧਾਨ ਮੰਤਰੀ ਮੋਦੀ ਦੁਵੱਲੀ ਬੈਠਕ ਦੌਰਾਨ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਕਰਨਗੇ। ਪਿਛਲੇ ਅੱਠ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਯੂਏਈ ਦੇ ਰਾਸ਼ਟਰਪਤੀ ਨਾਲ ਇਹ ਪੰਜਵੀਂ ਮੁਲਾਕਾਤ ਹੋਵੇਗੀ।
ਅਬੂ ਧਾਬੀ ਵਿੱਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਰੀਲੀਜ਼ ਮੁਤਾਬਕ ਮੋਦੀ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ‘ਅਹਿਲਾਨ ਮੋਦੀ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯੂਏਈ ਵਿੱਚ ਖ਼ਰਾਬ ਮੌਸਮ ਦੇ ਬਾਵਜੂਦ ਇੱਥੇ ਵਸਦੇ ਭਾਰਤੀ ਭਾਈਚਾਰੇ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ ਹੈ। 2,500 ਤੋਂ ਵੱਧ ਲੋਕਾਂ ਨੇ ਭਾਰੀ ਮੀਂਹ ਦੇ ਬਾਵਜੂਦ ਫੁੱਲ ਗਰਾਊਂਡ ਰਿਹਰਸਲ ਕੀਤੀ। ਭਾਰਤ ਵਿੱਚ ਯੂਏਈ ਦੇ ਰਾਜਦੂਤ ਅਬਦੁੱਲਨਾਸਰ ਅਲਸ਼ਾਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਏਈ ਫੇਰੀ ਨੂੰ ਦੁਵੱਲੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਇਹ ਰਣਨੀਤਕ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ।
ਖਲੀਜ ਟਾਈਮਜ਼ ਅਖਬਾਰ ਦੇ ਅਨੁਸਾਰ, ਭਾਰਤੀ ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਸ਼ਾਮ ਨੂੰ ਅਬੂ ਧਾਬੀ ਦੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ‘ਅਹਿਲਾਨ ਮੋਦੀ’ ਪ੍ਰੋਗਰਾਮ ਦੌਰਾਨ ਭਾਰਤੀ ਪ੍ਰਵਾਸੀ ਭਾਈਚਾਰੇ ਦੇ 60,000 ਤੋਂ ਵੱਧ ਮੈਂਬਰਾਂ ਨੂੰ ਸੰਬੋਧਨ ਕਰਨਗੇ। ਈਵੈਂਟ ਪ੍ਰਬੰਧਕਾਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਵਧੇਰੇ ਹੁੰਗਾਰੇ ਕਾਰਨ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ, ਭਾਰਤੀ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਦੁਬਈ ਵਿੱਚ ਵਿਸ਼ਵ ਸਰਕਾਰ ਸੰਮੇਲਨ 2024 ਵਿੱਚ ਹਿੱਸਾ ਲੈਣਗੇ। ਉਹ ਸੰਮੇਲਨ ‘ਚ ਮੁੱਖ ਭਾਸ਼ਣ ਦੇਣਗੇ।
