ਬਟਾਲਾ, 06 ਫਰਵਰੀ (ਹਿ. ਸ.)। ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਬਟਾਲਾ ਦੀ ਵਾਰਡ ਨੰਬਰ 1 ਵਿੱਚ ਲੱਗੇ ਵਿਸ਼ੇਸ ਕੈਂਪ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਿਸ਼ੇਸ ਤੌਰ ’ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਵਿਭਾਗਾਂ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਲਈ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ.ਕਮਿਸ਼ਨਰ ਨਗਰ ਨਿਗਮ ਬਟਾਲਾ , ਜਸਵੰਤ ਕੌਰ ਐਸਪੀ (ਐੱਚ) ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਮੋਜੂਦ ਸਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਵੱਖ ਵੱਖ ਸੇਵਾਵਾ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੀ ਵੰਡੇ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ, ਉਨਾਂ ਦੇ ਕੋਲ ਜਾ ਕੇ ਹੱਲ ਕਰਨ ਲਈ ਇਹ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਦੂਰ ਢੁਰਾਢੇ ਏਰੀਏ ਤੋਂ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਵੱਖ-ਵੱਖ ਸਰਕਾਰੀ ਦਫਤਰਾਂ ਦੇ ਚੱਕਰ ਮਾਰਨੇ ਪੈਂਦੇ ਸਨ ਪਰ ਹੁਣ ਖੁਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕਾਂ ਤੱਕ ਪਹੁੰਚ ਕਰਕੇ ਸਰਕਾਰੀ ਸੇਵਾਵਾਂ ਦਾ ਲਾਭ ਪੁਜਦਾ ਕਰ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਵਿਸ਼ੇਸ ਕੈਂਪ ਵਿੱਚ ਆ ਕੇ ਸਰਕਾਰੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਹਾਸਲ ਕਰਨ।
ਇਸ ਮੌਕੇ ਗੱਲ ਕਰਦਿਆਂ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ ਵਾਰਡਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹੇ ਦੀ ਹਰ ਸਬ ਡਵੀਜ਼ਨ ਵਿੱਚ ਚਾਰ-ਚਾਰ ਵਿਸ਼ੇਸ ਕੈਂਪ ਲਗਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਆਪਣੇ ਘਰਾਂ ਦੇ ਨੇੜੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਹਾਸਲ ਕਰਨ। ਉਨਾਂ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ ਅਤੇ ਖੇਤੀਬਾੜੀ ਆਦਿ ਨਾਲ ਸਬੰਧਤ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਮੌਕੇ ’ਤੇ ਹੀ ਬਿਨੈਕਾਰਾਂ ਕੋਲੋਂ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕਰਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਮੁਹਿੰਮ ਤਹਿਤ ਲੱਗੇ ਵਿਸ਼ੇਸ ਕੈਂਪਾਂ ਵਿੱਚ ਸ਼ਿਰਕਤ ਕਰਨ ਅਤੇ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਣ। ਇਸ ਮੌਕੇ ਵਿਸ਼ੇਸ਼ ਕੈਂਪ ਵਿੱਚ ਲਾਭਪਾਤਰੀਆਂ ਨੂੰ ਜਮਾਂਬੰਦੀ, ਬੈਕਵਰਡ ਕਲਾਸ ਦਾ ਸਰਟੀਫਿਕੇਟ, ਲੇਬਰ ਕਾਰਡ, ਜਨਮ ਦਾ ਸਰਟੀਫਿਕੇਟ,ਮੌਤ ਦਾ ਸਰਟੀਫਿਕੇਟ ਤੇ ਆਯੂਸ਼ਮਾਨ ਸਿਹਤ ਬੀਮਾ ਕਾਰਡ ਮੌਕੇ ਤੇ ਬਣਾ ਕੇ ਦਿੱਤੇ ਗਏ।
