ਨਿਊਯਾਰਕ, 03 ਫਰਵਰੀ : ਮਸ਼ਹੂਰ ਹਾਲੀਵੁੱਡ ਅਦਾਕਾਰ ਕਾਰਲ ਵੇਦਰਜ਼ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਰੌਕੀ ਅਤੇ ਪ੍ਰਿਡੇਟਰ ਵਰਗੀਆਂ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਵੇਦਰਸ ਨੇ ਵੀਰਵਾਰ ਨੂੰ ਆਖਰੀ ਸਾਹ ਲਿਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਾਰਲ ਵੇਦਰਸ ਦੀ ਮੌਤ ਕਿੱਥੇ ਹੋਈ।
ਦ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਨੀਂਦ ’ਚ ਹਮੇਸ਼ਾਂ ਲਈ ਸ਼ਾਂਤੀ ਨਾਲ ਸੌਂ ਗਏ। ਕਾਰਲ ਵੇਦਰਸ ਨੇ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਆਪਣੀ ਬਹੁਮੁਖਤਾ ਨਾਲ ਹਰ ਕਿਸੇ ਨੂੰ ਆਪਣਾ ਪ੍ਰਸ਼ੰਸਕ ਬਣਾਇਆ। ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰਲ ਨੇ ਇੱਕ ਅਸਾਧਾਰਨ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਫਿਲਮ, ਟੈਲੀਵਿਜ਼ਨ, ਕਲਾ ਅਤੇ ਖੇਡਾਂ ਵਿੱਚ ਆਪਣੇ ਯੋਗਦਾਨ ਦੁਆਰਾ ਅਮਿੱਟ ਛਾਪ ਛੱਡੀ ਹੈ। ਦੁਨੀਆਂ ਉਨ੍ਹਾਂ ਦੀ ਕਮੀ ਮਹਿਸੂਸ ਕਰੇਗੀ।
ਅਖਬਾਰਾਂ ਦੀਆਂ ਖਬਰਾਂ ਮੁਤਾਬਕ ਰੌਕੀ ਫਿਲਮ ‘ਚ ਕੰਮ ਕਰਨ ਤੋਂ ਪਹਿਲਾਂ ਉਹ ਫੁੱਟਬਾਲ ਖਿਡਾਰੀ ਸਨ। ਉਨ੍ਹਾਂ ਨੂੰ ਮੁੱਕੇਬਾਜ਼ੀ ਦਾ ਕੋਈ ਤਜਰਬਾ ਨਹੀਂ ਸੀ। ਵੇਦਰਸ ਨੇ ਰੌਕੀ ਵਿੱਚ ਅਪੋਲੋ ਕ੍ਰੀਡ ਦੀ ਭੂਮਿਕਾ ਲਈ ਆਡੀਸ਼ਨ ਦਿੱਤਾ ਅਤੇ ਉਸਦੇ ਲਈ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਸਕਰ ਜੇਤੂ ਫਿਲਮ ਰੌਕੀ ਦੇ ਤਿੰਨ ਸੀਕਵਲਾਂ ਵਿੱਚ ਕੰਮ ਕੀਤਾ। ਉਹ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਸਨ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਕਈ ਇੰਟਰਵਿਊ ਵਿੱਚ ਕੀਤਾ।
ਉਨ੍ਹਾਂ ਨੇ ਲਗਭਗ 80 ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ। 2000 ਦੇ ਦਹਾਕੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਸਿਟਕਾਮ ਅਰੇਸਟਡ ਡਿਵੈਲਪਮੈਂਟ ਵਿੱਚ ਇੱਕ ਐਕਟਿੰਗ ਕੋਚ ਵਜੋਂ ਇੱਕ ਯਾਦਗਾਰ ਭੂਮਿਕਾ ਨਿਭਾਈ। ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਨੇ ਐਨੀਮੇਟਡ ਫਿਲਮ ਟੌਏ ਸਟੋਰੀ 4 ਵਿੱਚ ਕੰਬੈਟ ਕਾਰਲ ਦੀ ਆਵਾਜ਼ ਦਿੱਤੀ ਅਤੇ ਸਟਾਰ ਵਾਰਜ਼ ਟੈਲੀਵਿਜ਼ਨ ਲੜੀ ਦ ਮੈਂਡੋਰੀਅਨ ਵਿੱਚ ਗ੍ਰੀਫ ਕਾਰਗਾ ਦੀ ਭੂਮਿਕਾ ਨਿਭਾਈ। ਇਸ ’ਚ ਸ਼ਾਨਦਾਰ ਮਹਿਮਾਨ ਅਦਾਕਾਰ ਲਈ 2021 ਵਿੱਚ ਐਮੀ ਅਵਾਰਡ ਨਾਮਜ਼ਦ ਕੀਤਾ।
