ਨਵੀਂ ਦਿੱਲੀ, 31 ਜਨਵਰੀ : ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਵਿਕਰੀ ਕਾਰਨ ਹੌਲੀ ਸ਼ੁਰੂਆਤ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰਾਂ ਦੀ ਖਰੀਦਦਾਰੀ ਨਾਲ ਸ਼ੇਅਰ ਬਾਜ਼ਾਰ ਨੇ ਵਾਪਸੀ ਕੀਤੀ। ਇਸ ਸਮੇਂ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਉੱਪਰ ਵੱਲ ਰੁਖ ਵਿਚ ਹਨ।
ਬਾਜ਼ਾਰ ਦਾ ਮੁੱਖ ਸੂਚਕਾਂਕ ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਸੈਂਸੈਕਸ 625.90 ਅੰਕ ਜਾਂ 0.88 ਫੀਸਦੀ ਦੀ ਮਜ਼ਬੂਤੀ ਨਾਲ 71,765.80 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 184.30 ਅੰਕ ਜਾਂ 0.86 ਫੀਸਦੀ ਦੀ ਮਜ਼ਬੂਤੀ ਨਾਲ 21,706.40 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ।
ਦਰਅਸਲ, ਨਿਵੇਸ਼ਕ ਇਸ ਹਫਤੇ ਆਉਣ ਵਾਲੇ ਅੰਤਰਿਮ ਬਜਟ ਅਤੇ ਵਿਆਜ ਦਰਾਂ ‘ਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਫੈਸਲੇ ਵਰਗੇ ਵੱਡੇ ਐਲਾਨਾਂ ਤੋਂ ਪਹਿਲਾਂ ਸਾਵਧਾਨ ਹਨ। ਅੱਜ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 243.07 ਅੰਕ ਡਿੱਗ ਕੇ 70,896.83 ‘ਤੇ ਖੁੱਲ੍ਹਿਆ, ਜਦਕਿ ਨਿਫਟੀ ਵੀ 73.25 ਅੰਕ ਫਿਸਲ ਕੇ 21,448.85 ‘ਤੇ ਪਹੁੰਚ ਗਿਆ।
ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ‘ਚੋਂ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ‘ਚ ਪੰਜ ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਟਾਈਟਨ, ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਇੰਫੋਸਿਸ, ਐਕਸਿਸ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਨੂੰ ਵੀ ਨੁਕਸਾਨ ਹੋਇਆ। ਹਾਲਾਂਕਿ ਟਾਟਾ ਮੋਟਰਜ਼, ਰਿਲਾਇੰਸ ਇੰਡਸਟਰੀਜ਼, ਟਾਟਾ ਸਟੀਲ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਬੀਐੱਸਈ ਦਾ ਸੈਂਸੈਕਸ 801 ਅੰਕ ਡਿੱਗ ਕੇ 71,139 ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ ਵੀ 215 ਅੰਕਾਂ ਦੀ ਗਿਰਾਵਟ ਨਾਲ 21,522 ਦੇ ਪੱਧਰ ‘ਤੇ ਬੰਦ ਹੋਇਆ ਸੀ।
