ਮੁੰਬਈ, 26 ਜਨਵਰੀ (ਹਿ.ਸ.)। ਲੱਖਾਂ ਭਾਰਤੀ ਟੈਨਿਸ ਪ੍ਰਸ਼ੰਸਕਾਂ ਦੇ ਦਿਲ ਭਾਵਨਾਵਾਂ ਅਤੇ ਮਾਣ ਨਾਲ ਭਰ ਗਏ, ਜਦੋਂ ਰੋਹਨ ਬੋਪੰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸੈੱਟ ਜਿੱਤਿਆ ਅਤੇ ਆਸਟ੍ਰੇਲੀਅਨ ਓਪਨ 2024 ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਸੈਮੀਫਾਈਨਲ ਆਪਣੇ ਆਪ ਵਿਚ ਤਣਾਅਪੂਰਨ ਮੈਚ ਸੀ ਪਰ ਬੋਪੰਨਾ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਪੁਰਸ਼ ਡਬਲਜ਼ ਜੋੜੀਦਾਰ ਮੈਥਿਊ ਏਬਡੇਨ ਨੇ ਵੀਰਵਾਰ ਨੂੰ ਜਿੱਤ ਦੇ ਨਾਲ ਟੂਰਨਾਮੈਂਟ ਦੀ ਆਪਣੀ ਸ਼ਾਨਦਾਰ ਦੌੜ ਨੂੰ ਜਾਰੀ ਰੱਖਿਆ।
ਜਿੱਤ ਤੋਂ ਬਾਅਦ, ਸੋਨੀ ਸਪੋਰਟਸ ਨੈੱਟਵਰਕ ਦੇ ਸਟੂਡੀਓ ਸ਼ੋਅ ਐਕਸਟ੍ਰਾ ਸਰਵ ‘ਤੇ ਉਤਸ਼ਾਹਿਤ ਬੋਪੰਨਾ ਨੇ ਕਿਹਾ: ਟੈਨਿਸ ਖੇਡ ਕੇ ਬਹੁਤ ਖੁਸ਼ ਹਾਂ, ਖਾਸ ਤੌਰ ‘ਤੇ ਇਸ ਨੂੰ ਬਿਨਾਂ ਦਰਦ ਤੋਂ ਖੇਡਣਾ। ਵਿਸ਼ਵ ਦੇ ਨੰਬਰ 1 ਦੇ ਤੌਰ ‘ਤੇ ਖੇਡਦੇ ਹੋਏ, ਮੈਂ ਖੁੱਲ੍ਹ ਕੇ ਖੇਡ ਰਿਹਾ ਸੀ ਅਤੇ ਕੋਰਟ ‘ਤੇ ਪੂਰਾ ਆਨੰਦ ਲੈ ਰਿਹਾ ਸੀ। ਕੁੱਲ ਮਿਲਾ ਕੇ, ਮੈਂ ਅੱਜ ਜਿੱਥੇ ਹਾਂ ਉੱਥੇ ਰਹਿਣ ਦਾ ਆਨੰਦ ਮਾਣ ਰਿਹਾ ਹਾਂ ਅਤੇ ਕੁਝ ਸਮੇਂ ਵਿੱਚ ਮੇਰੀ ਸਭ ਤੋਂ ਵਧੀਆ ਟੈਨਿਸ ਖੇਡ ਰਿਹਾ ਹਾਂ।’’
ਜਦੋਂ ਸਾਨੀਆ ਮਿਰਜ਼ਾ ਨੇ ਉਲਟਫੇਰ ਭਰੇ ਸੈਮੀਫਾਈਨਲ ਮੈਚ ਦੌਰਾਨ ਉਨ੍ਹਾਂ ਦੀ ਮਾਨਸਿਕਤਾ ਬਾਰੇ ਪੁੱਛਿਆ, ਤਾਂ 43 ਸਾਲਾ ਖਿਡਾਰੀ ਨੇ ਕਿਹਾ, “ਇਹ ਇਕ ਅਜਿਹਾ ਮੈਚ ਸੀ ਜਿਸ ਬਾਰੇ ਅਸੀਂ ਸੋਚਿਆ ਸੀ ਕਿ ਸਾਡਾ ਕੰਟਰੋਲ ਸੀ। ਸਕਾਟ (ਡੇਵਿਡੌਫ) ਨੇ ਹਮੇਸ਼ਾ ਮੈਨੂੰ ਕਿਹਾ ਹੈ, ਖਾਸ ਤੌਰ ‘ਤੇ ਇਸ ਹਫਤੇ, ਭਾਵੇਂ ਸਥਿਤੀ ਕੋਈ ਵੀ ਹੋਵੇ, ਆਤਮ-ਵਿਸ਼ਵਾਸ ਰੱਖੋ। ਇਹ ਉਨ੍ਹਾਂ ਵੱਲੋਂ ਮੈਨੂੰ ਦਿੱਤੀਆਂ ਛੋਟੀਆਂ ਛੋਟੀਆਂ ਸਲਾਹਾਂ ਵਿੱਚੋਂ ਇੱਕ ਸੀ ਅਤੇ ਇਹ ਸਲਾਹ ਮੇਰੇ ਨਾਲ ਰਹੀ। ਮੈਂ ਸਕਾਰਾਤਮਕ ਰਹਿਣਾ ਚਾਹੁੰਦਾ ਸੀ ਅਤੇ ਟੈਨਿਸ ਦੀ ਆਪਣੀ ਆਮ ਹਮਲਾਵਰ ਸ਼ੈਲੀ ਖੇਡਣਾ ਚਾਹੁੰਦਾ ਸੀ ਅਤੇ ਮੈਨੂੰ ਲਗਦਾ ਹੈ ਕਿ ਇਸ ਨਾਲ ਇੱਕ ਫਰਕ ਆਇਆ।”
ਬੋਪੰਨਾ ਲਈ ਹੁਣ ਤੱਕ ਦਾ ਇਹ ਟੂਰਨਾਮੈਂਟ ਕਮਾਲ ਦਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਪੇਸ਼ੇਵਰ ਟੈਨਿਸ ਵਿੱਚ 500 ਜਿੱਤਾਂ ਦਾ ਅੰਕੜਾ ਪਾਰ ਕੀਤਾ ਸੀ। ਬੁੱਧਵਾਰ ਨੂੰ ਉਹ ਏਟੀਪੀ ਪੁਰਸ਼ ਡਬਲਜ਼ ਇਤਿਹਾਸ ਵਿੱਚ ਸਭ ਤੋਂ ਵੱਧ ਉਮਰ ਦੇ ਵਿਸ਼ਵ ਨੰਬਰ 1 ਬਣ ਖਿਡਾਰੀ ਬਣੇ। ਇਹ ਪਹਿਲੀ ਵਾਰ ਹੈ ਜਦੋਂ ਉਹ ਰੈਂਕਿੰਗ ਦੇ ਸਿਖਰ ‘ਤੇ ਪਹੁੰਚੇ ਹਨ ਅਤੇ ਹੁਣ ਉਨ੍ਹਾਂ ਆਪਣੇ ਪਹਿਲੇ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਵੀ ਜਗ੍ਹਾ ਬਣਾਈ ਹੈ।
ਹਾਲਾਂਕਿ, ਬੋਪੰਨਾ ਨੂੰ ਮੈਚਾਂ ਦੇ ਵਿਚਕਾਰ ਉੱਭਰਨ ਲਈ ਬਹੁਤ ਘੱਟ ਸਮਾਂ ਮਿਲਿਆ ਕਿਉਂਕਿ ਉਨ੍ਹਾਂ ਨੇ ਦੱਸਿਆ ਕਿ ਉਹ ਵਿਅਸਤ ਕਾਰਜਕ੍ਰਮ ਦੇ ਬਾਵਜੂਦ ਕਿਵੇਂ ਵਾਪਸੀ ਕਰ ਰਹੇ ਹਨ।
ਬੋਪੰਨਾ ਨੇ ਕਿਹਾ, ”ਇਹ ਬਹੁਤ ਮੁਸ਼ਕਲ ਸੀ। ਇਹ ਬਹੁਤ ਘੱਟ ਹੁੰਦਾ ਹੈ ਕਿ ਟੂਰਨਾਮੈਂਟ ਦੇ ਵਿਚਕਾਰ ਤੁਹਾਨੂੰ ਇੰਨੇ ਸ਼ਾਨਦਾਰ ਸੰਦੇਸ਼ ਅਤੇ ਇੰਨਾ ਪਿਆਰ ਮਿਲੇ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ। ਤੁਹਾਡੇ ਕੋਲ ਇੱਕ ਵੱਡੇ ਗ੍ਰੈਂਡ ਸਲੈਮ ਮੈਚ ਦੀ ਤਿਆਰੀ ਲਈ 24 ਘੰਟਿਆਂ ਤੋਂ ਵੀ ਘੱਟ ਸਮਾਂ ਹੈ, ਪਰ ਮੇਰੇ ਕੋਲ ਜੋ ਵੀ ਥੋੜ੍ਹਾ ਸਮਾਂ ਸੀ, ਮੈਂ ਉਸ ਨੂੰ ਆਪਣੇ ਨਾਲ ਬਿਠਾ ਕੇ ਉਸ ਪਲ ਦਾ ਆਨੰਦ ਲੈਣ ਲਈ ਵਰਤਿਆ। ਪਰ ਮੈਂ ਯਕੀਨੀ ਬਣਾਇਆ ਕਿ ਮੈਨੂੰ ਅੱਠ ਘੰਟੇ ਦੀ ਨੀਂਦ ਮਿਲੇ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸ਼ਨੀਵਾਰ ਨੂੰ ਫਾਈਨਲ ਖੇਡਣ ਤੋਂ ਪਹਿਲਾਂ ਸਾਡੇ ਕੋਲ ਇੱਕ ਦਿਨ ਦੀ ਛੁੱਟੀ ਹੈ।’’
ਇਤਾਲਵੀ ਜੋੜੀ ਸਿਮੋਨ ਬੋਲੇਲੀ ਅਤੇ ਐਂਡ੍ਰੀਆ ਵਾਵਸੋਰੀ ਦੇ ਖਿਲਾਫ ਬਹੁਉਡੀਕੇ ਫਾਈਨਲ ਮੁਕਾਬਲੇ ਤੋਂ ਪਹਿਲਾਂ, ਰੋਹਨ ਬੋਪੰਨਾ ਨੇ ਵੱਡੇ ਮੈਚ ਲਈ ਆਪਣੀ ਤਿਆਰੀ ਅਤੇ ਮਾਨਸਿਕਤਾ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ “ਮੈਂ ਹੁਣੇ ਉੱਥੇ ਜਾ ਰਿਹਾ ਹਾਂ ਅਤੇ ਟੈਨਿਸ ਖੇਡਣ ਜਾ ਰਿਹਾ ਹਾਂ ਜੋ ਮੈਂ ਪਿਛਲੇ ਦੋ ਹਫ਼ਤਿਆਂ ਵਿੱਚ ਖੇਡ ਰਿਹਾ ਹਾਂ ਅਤੇ ਉਮੀਦ ਹੈ ਕਿ ਸਿਖਰ ‘ਤੇ ਆਵਾਂਗਾ,” ਜੇਕਰ ਅਸੀਂ ਸ਼ਨੀਵਾਰ ਨੂੰ ਜਿੱਤਦੇ ਹਾਂ ਤਾਂ ਇਹ ਸੁਪਨਾ ਸਾਕਾਰ ਹੋਣ ਜਿਹਾ ਹੋਵੇਗਾ।”
ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਮੈਥਿਊ ਏਬਡੇਨ ਸ਼ਨੀਵਾਰ, 27 ਜਨਵਰੀ ਨੂੰ ਆਸਟ੍ਰੇਲੀਅਨ ਓਪਨ 2024 ਪੁਰਸ਼ ਡਬਲਜ਼ ਫਾਈਨਲ ਵਿੱਚ ਇਤਾਲਵੀ ਜੋੜੀ ਸਿਮੋਨ ਬੋਲੇਲੀ ਅਤੇ ਐਂਡ੍ਰੀਆ ਵਾਵਸੋਰੀ ਦਾ ਸਾਹਮਣਾ ਕਰਨਗੇ।
