ਨਵੀਂ ਦਿੱਲੀ, 23 ਜਨਵਰੀ (ਹਿ.ਸ.)। ਭਾਰਤੀ ਮਹਿਲਾ ਟੀਮ 24 ਤੋਂ 27 ਜਨਵਰੀ 2024 ਤੱਕ ਮਸਕਟ, ਓਮਾਨ ਵਿੱਚ ਹੋਣ ਵਾਲੇ ਐੱਫਆਈਐੱਚ ਹਾਕੀ 5 ਐੱਸ ਮਹਿਲਾ ਵਿਸ਼ਵ ਕੱਪ ਦੇ ਉਦਘਾਟਨੀ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਤਿਆਰ ਹੈ।
ਭਾਰਤੀ ਮਹਿਲਾ ਟੀਮ ਅਮਰੀਕਾ, ਪੋਲੈਂਡ ਅਤੇ ਨਾਮੀਬੀਆ ਦੇ ਨਾਲ ਪੂਲ ਸੀ ਵਿੱਚ ਹੈ। ਨੀਦਰਲੈਂਡ, ਮਲੇਸ਼ੀਆ, ਫਿਜੀ ਅਤੇ ਮੇਜ਼ਬਾਨ ਓਮਾਨ ਪੂਲ ਏ ਵਿੱਚ ਹਨ ਜਦੋਂਕਿ ਆਸਟ੍ਰੇਲੀਆ, ਦੱਖਣੀ ਅਫਰੀਕਾ, ਯੂਕ੍ਰੇਨ ਅਤੇ ਜ਼ੈਂਬੀਆ ਪੂਲ ਬੀ ਵਿੱਚ ਹਨ। ਗਰੁੱਪ ਡੀ ਵਿੱਚ ਨਿਊਜ਼ੀਲੈਂਡ, ਉਰੂਗਵੇ, ਥਾਈਲੈਂਡ ਅਤੇ ਪੈਰਾਗੁਏ ਸ਼ਾਮਲ ਹਨ।
ਭਾਰਤ ਆਪਣਾ ਪਹਿਲਾ ਮੈਚ 24 ਜਨਵਰੀ ਨੂੰ ਪੋਲੈਂਡ ਦੇ ਖਿਲਾਫ਼ ਅਤੇ ਉਸੇ ਦਿਨ ਅਮਰੀਕਾ ਨਾਲ ਖੇਡੇਗਾ। ਉਹ ਆਪਣਾ ਆਖ਼ਰੀ ਗਰੁੱਪ ਮੈਚ 25 ਜਨਵਰੀ ਨੂੰ ਨਾਮੀਬੀਆ ਖ਼ਿਲਾਫ਼ ਖੇਡੇਗਾ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ 26 ਜਨਵਰੀ ਨੂੰ ਨਿਰਧਾਰਤ ਕੁਆਰਟਰ ਫਾਈਨਲ ਖੇਡਣਗੀਆਂ, ਉਸੇ ਦਿਨ ਸੈਮੀਫਾਈਨਲ ਹੋਣਗੇ ਅਤੇ ਫਾਈਨਲ 27 ਜਨਵਰੀ ਨੂੰ ਖੇਡਿਆ ਜਾਵੇਗਾ।
ਭਾਰਤੀ ਟੀਮ ਦੀ ਅਗਵਾਈ ਤਜਰਬੇਕਾਰ ਗੋਲਕੀਪਰ ਰਜਨੀ ਇਤਿਮਾਰਪੂ ਅਤੇ ਉਪ ਕਪਤਾਨ ਡਿਫੈਂਡਰ ਮਹਿਮਾ ਚੌਧਰੀ ਕਰਨਗੇ। ਟੀਮ ਵਿੱਚ ਦੂਜੇ ਗੋਲਕੀਪਰ ਵਜੋਂ ਬੰਸਾਰੀ ਸੋਲੰਕੀ ਅਤੇ ਡਿਫੈਂਡਰ ਵਜੋਂ ਅਕਸ਼ਤਾ ਆਬਾਸੋ ਢੋਕਾਲੇ ਅਤੇ ਜੋਤੀ ਛੱਤਰੀ ਵੀ ਸ਼ਾਮਲ ਹਨ। ਮਿਡਫੀਲਡਰਾਂ ਵਿੱਚ ਮਾਰੀਆਨਾ ਕੁਜੂਰ ਅਤੇ ਮੁਮਤਾਜ਼ ਖਾਨ ਨੂੰ ਨਾਮਜ਼ਦ ਕੀਤਾ ਗਿਆ ਹੈ ਜਦੋਂ ਕਿ ਅਜ਼ਮੀਨਾ ਕੁਜੂਰ, ਰੁਤਾਜਾ ਦਾਦਾਸੋ ਪਿਸਲ ਅਤੇ ਦੀਪਿਕਾ ਸੋਰੇਂਗ ਫਾਰਵਰਡ ਵਜੋਂ ਟੀਮ ਵਿੱਚ ਹਨ।
ਭਾਰਤੀ ਟੀਮ ਦੀ ਕਪਤਾਨ ਰਜਨੀ ਇਤਿਮਾਰਪੂ ਨੇ ਕਿਹਾ, “ਅਸੀਂ ਸਾਰੇ ਇੱਥੇ ਐੱਫਆਈਐੱਚ ਹਾਕੀ ਫਾਈਵ ਏ ਸਾਈਡ ਮਹਿਲਾ ਵਿਸ਼ਵ ਕੱਪ ਲਈ ਆਉਣ ਲਈ ਬਹੁਤ ਉਤਸ਼ਾਹਿਤ ਹਾਂ। ਹਰ ਕੋਈ ਆਤਮਵਿਸ਼ਵਾਸੀ ਹੈ ਅਤੇ ਇਸ ਟੂਰਨਾਮੈਂਟ ’ਚ ਖੇਡਣ ਲਈ ਉਤਸੁਕ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਆਪਣੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਾਂਗੇ।”
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
