ਮੁੰਬਈ, 22 ਜਨਵਰੀ (ਹਿ. ਸ.)। ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ ‘ਫਾਈਟਰ’ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ‘ਚ ਰਿਤਿਕ ਅਤੇ ਦੀਪਿਕਾ ਦੇ ਪ੍ਰਸ਼ੰਸਕਾਂ ‘ਚ ਫਿਲਮ ਨੂੰ ਲੈ ਕੇ ਉਤਸੁਕਤਾ ਵੱਧਦੀ ਜਾ ਰਹੀ ਹੈ। ਇਸ ਫਿਲਮ ਦੀ ਸਰਟੀਫਿਕੇਸ਼ਨ ਪ੍ਰਕਿਰਿਆ ਹਾਲ ਹੀ ‘ਚ ਪੂਰੀ ਹੋਈ ਹੈ ਪਰ ਫਿਲਮ ਦੇ ਕੁਝ ਡਾਇਲਾਗ ਅਤੇ ਸੀਨ ਕੱਟ ਦਿੱਤੇ ਗਏ ਹਨ।
ਸਿਧਾਰਥ ਆਨੰਦ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਟਰੇਲਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਫਿਲਮ ‘ਇਸ਼ਕ ਜੈਸਾ ਕੁਝ’ ਅਤੇ ‘ਸ਼ੇਰ ਖੁੱਲ ਗਏ’ ਗੀਤਾਂ ਨੇ ਦਰਸ਼ਕਾਂ ਨੂੰ ਸੱਚਮੁੱਚ ਦੀਵਾਨਾ ਬਣਾ ਦਿੱਤਾ ਹੈ। ਹੁਣ ਇਹ ਫਿਲਮ 25 ਜਨਵਰੀ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਸੀਬੀਐੱਫਸੀ ਨੇ ਫਿਲਮ ਵਿੱਚ ਚਾਰ ਵੱਡੇ ਬਦਲਾਅ ਕੀਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇ ਸਿਗਰਟਨੋਸ਼ੀ ਵਿਰੋਧੀ ਸੰਦੇਸ਼ ਨੂੰ ਹਿੰਦੀ ‘ਚ ਦਿਖਾਉਣ ਲਈ ਕਿਹਾ ਗਿਆ ਹੈ। ਇਤਰਾਜ਼ਯੋਗ ਸ਼ਬਦਾਂ ਨੂੰ ਹਟਾਉਣ ਜਾਂ ਮਿਊਟ ਕਰਨ ਲਈ ਵੀ ਕਿਹਾ ਗਿਆ ਹੈ। ਸੀਬੀਐੱਫਸੀ ਨੇ ਆਦੇਸ਼ ਦਿੱਤਾ ਹੈ ਕਿ ਟੀਵੀ ਖ਼ਬਰਾਂ ਦੇ ਆਡੀਓ ਹਿੱਸੇ ਨੂੰ 25 ਸਕਿੰਟਾਂ ਦੀ ਬਜਾਏ 23 ਸਕਿੰਟ ਦੇ ਆਡੀਓ ਹਿੱਸੇ ਨਾਲ ਬਦਲਿਆ ਜਾਵੇ। ਨਾਲ ਹੀ 8 ਸੈਕਿੰਡ ਦੇ ਇੰਟੀਮੇਟ ਦ੍ਰਿਸ਼ਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਇਸ ਬਦਲਾਅ ਤੋਂ ਬਾਅਦ ਹੀ ਫਿਲਮ ‘ਫਾਈਟਰ’ ਨੂੰ ਯੂ/ਏ ਪਾਸ ਕੀਤਾ ਗਿਆ ਹੈ।
ਇਸ ਦੌਰਾਨ ਰਿਤਿਕ ਅਤੇ ਦੀਪਿਕਾ ਸਟਾਰਰ ਫਿਲਮ ‘ਫਾਈਟਰ’ ਦੀ ਐਡਵਾਂਸ ਬੁਕਿੰਗ 20 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਫਿਲਮ ਨੇ ਹੁਣ ਤੱਕ 2 ਕਰੋੜ ਰੁਪਏ ਤੱਕ ਦੀ ਕਮਾਈ ਕਰ ਲਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
