ਨਵੀਂ ਦਿੱਲੀ, 22 ਜਨਵਰੀ (ਹਿ.ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੋਮਵਾਰ ਸ਼ਾਮ ਨੂੰ 19 ਬੱਚਿਆਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ 9 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ (ਮੰਗਲਵਾਰ) ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਨਗੇ।
ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2024 ਛੇ ਸ਼੍ਰੇਣੀਆਂ – ਕਲਾ ਅਤੇ ਸੱਭਿਆਚਾਰ (7), ਬਹਾਦਰੀ (1), ਨਵੀਨਤਾ (1), ਵਿਗਿਆਨ ਅਤੇ ਤਕਨਾਲੋਜੀ (1), ਸਮਾਜ ਸੇਵਾ (4) ਅਤੇ ਖੇਡਾਂ (5) ਵਿੱਚ ਦਿੱਤੇ ਜਾਣਗੇ। ਪੁਰਸਕਾਰ ਸਮਾਰੋਹ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਰਾਜ ਮੰਤਰੀ ਡਾ. ਮੁੰਜਪਾਰਾ ਮਹਿੰਦਰਭਾਈ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਰਕਾਰ ਦੁਆਰਾ ਪੰਜ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।
ਇਨ੍ਹਾਂ ਪੁਰਸਕਾਰ ਜੇਤੂਆਂ ਵਿੱਚ ਆਦਿਤਿਆ ਵਿਜੇ ਬ੍ਰਾਹਮਣ (ਮਰਨ ਉਪਰੰਤ), ਅਨੁਸ਼ਕਾ ਪਾਠਕ, ਅਰਿਜੀਤ ਬੈਨਰਜੀ, ਅਰਮਾਨ ਉਬਰਾਨੀ, ਹੇਤਵੀ ਕਾਂਤੀਭਾਈ ਖਿਮਸੂਰੀਆ, ਇਸ਼ਫਾਕ ਹਾਮਿਦ, ਮੁਹੰਮਦ ਹੁਸੈਨ, ਪੇਂਡਿਆਲਾ ਲਕਸ਼ਮੀ ਪ੍ਰਿਆ, ਸੁਹਾਨੀ ਚੌਹਾਨ, ਆਰੀਅਨ ਸਿੰਘ, ਅਵਨੀਸ਼ ਤਿਵਾਰੀ, ਗਰਿਮਾ, ਜਯੋਤਸਨਾ ਅਖਤਰ, ਸੰਯਮ ਮਜੂਮਦਾਰ, ਆਦਿਤਿਆ ਯਾਦਵ, ਚਾਰਵੀ ਏ, ਜੈਸਿਕਾ ਨੇਈ ਸਰਿੰਗ, ਲਿੰਥੋਈ ਚਨੰਬਮ ਅਤੇ ਆਰ ਸੂਰਿਆ ਪ੍ਰਸਾਦ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
