ਜਲੰਧਰ, 18 ਜਨਵਰੀ (ਹਿ. ਸ.) ਡੇਅਰੀ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਜਾਗਰੂਕ ਕਰਨ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਅੱਜ ਬਲਾਕ ਭੋਗਪੁਰ ਵਿਖੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਵਿੱਚ ਪਿੰਡ ਜਮਾਲਪੁਰ ਅਤੇ ਨੇੜਲੇ ਪਿੰਡਾਂ ਤੋਂ 250 ਤੋਂ ਵੱਧ ਕਿਸਾਨਾਂ ਵਲੋਂ ਸ਼ਿਰਕਤ ਕਰਕੇ ਦੁੱਧ ਉਤਪਾਦਨ ਦੇ ਖੇਤਰ ਵਿੱਚ ਵੱਡਮੁੱਲੀ ਜਾਣਕਾਰੀ ਹਾਸਿਲ ਕੀਤੀ ਗਈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਡੇਅਰੀ ਧੰਦੇ ਬਾਰੇ ਜਾਗਰੂਕ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵੱਲ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਰਾਸ਼ਟਰੀ ਪਸ਼ੂ ਧਨ ਮਿਸ਼ਨ ਤਹਿਤ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਹਾਈਟੈਕ ਮਸ਼ਨੀਰੀ, ਚਾਰਾ ਪ੍ਰਬੰਧਨ, ਸਾਈਲੇਜ ਬੇਲਰ ਅਤੇ ਰੈਪਰ ਮਸੀਨ ਤੇ ਟੀ.ਐਮ.ਆਰ. ਆਦਿ ’ਤੇ ਮਿਲ ਰਹੀਆਂ ਰਿਆਇਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਧੰਦਾ ਲਾਹੇਵਦ ਧੰਦਾ ਹੈ ਇਸ ਲਈ ਖੇਤੀਬਾੜੀ ਦੇ ਨਾਲ-ਨਾਲ ਇਸ ਨੂੰ ਵੀ ਅਪਣਾ ਕੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਲੀਡ ਬੈਂਕ ਦੇ ਨੁਮਾਇੰਦਿਆਂ ਵਲੋਂ ਮੁਦਰਾ ਅਤੇ ਸਟਾਰਟ ਅਪ ਇੰਡੀਆ ਅਧੀਨ ਮਿਲ ਰਹੀਆਂ ਯੋਜਨਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਸਰਕਾਰ ਦਾ ਵਿੱਤੀ ਸਾਖਰਤਾ ਅਤੇ ਪ੍ਰਬੰਧਨ ਟੀਚੇ ਅਧੀਨ ਹਰ ਡੇਅਰੀ ਕਿਸਾਨ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਹਰਦਿਆਲ ਸਿੰਘ, ਸੰਜੇ ਕੁਮਾਰ, ਰਾਮ ਮੂਰਤੀ, ਗੁਰਪ੍ਰੀਤ ਕੌਰ ਵਲੋਂ ਵੀ ਡੇਅਰੀ ਉਤਪਾਦਨ ਦੇ ਖੇਤਰ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
