ਪਿਓਂਗਯਾਂਗ, 15 ਜਨਵਰੀ (ਹਿ.ਸ.)। ਉੱਤਰੀ ਕੋਰੀਆ ਵੱਲੋਂ ਹਾਈਪਰਸੋਨਿਕ ਵਾਰਹੈੱਡ ਨਾਲ ਦਰਮਿਆਨੀ ਦੂਰੀ ਦੀ ਠੋਸ ਈਂਧਨ ਵਾਲੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਨੇ ਕਈ ਦੇਸ਼ਾਂ ਦੀ ਨੀਂਹ ਉਡਾ ਦਿੱਤੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਕਿਹਾ ਕਿ ਲਾਂਚ, ਜੋ ਕਿ ਐਤਵਾਰ ਦੁਪਹਿਰ ਨੂੰ ਕੀਤਾ ਗਿਆ, ਦਾ ਉਦੇਸ਼ ਮਿਜ਼ਾਈਲ ਦੇ ਠੋਸ-ਈਂਧਨ ਇੰਜਣ ਦੀ ਭਰੋਸੇਯੋਗਤਾ ਅਤੇ ਹਾਈਪਰਸੋਨਿਕ ਵਾਰਹੈੱਡ ਦੀ ਗਤੀਸ਼ੀਲ ਉਡਾਣ ਸਮਰੱਥਾ ਦੀ ਪੁਸ਼ਟੀ ਕਰਨਾ ਸੀ। ਇਹ ਟੈਸਟ ਸਫਲ ਰਿਹਾ।
ਕੇਸੀਐਨਏ ਦੇ ਅਨੁਸਾਰ, ਪਰੀਖਣ ਨੇ ਕਿਸੇ ਵੀ ਗੁਆਂਢੀ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਤ ਨਹੀਂ ਕੀਤਾ ਅਤੇ ਇਸ ਦਾ ਖੇਤਰੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਟੈਸਟ ਸ਼ਕਤੀਸ਼ਾਲੀ ਹਥਿਆਰ ਪ੍ਰਣਾਲੀਆਂ ਨੂੰ ਵਿਕਸਤ ਕਰਨ ਲਈ ਰੱਖਿਆ ਵਿਗਿਆਨ ਸੰਸਥਾਵਾਂ ਦੀਆਂ ਨਿਯਮਤ ਗਤੀਵਿਧੀਆਂ ਦਾ ਇੱਕ ਹਿੱਸਾ ਹੈ। ਦੱਖਣੀ ਕੋਰੀਆ ਨੇ ਸੋਮਵਾਰ ਨੂੰ ਇਸ ਪ੍ਰੀਖਣ ‘ਤੇ ਵੱਡਾ ਦਾਅਵਾ ਕੀਤਾ ਹੈ। ਜਾਪਾਨ ਟੂਡੇ ਦੀ ਰਿਪੋਰਟ ਮੁਤਾਬਕ ਦੱਖਣੀ ਕੋਰੀਆ ਨੇ ਕਿਹਾ ਹੈ ਕਿ ਇਹ ਮਿਜ਼ਾਈਲ ਰਿਮੋਟ ਅਮਰੀਕੀ ਟੀਚਿਆਂ ‘ਤੇ ਹਮਲਾ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਨਾਲ ਗੁਆਮ ਅਤੇ ਜਾਪਾਨ ‘ਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਦੱਖਣੀ ਕੋਰੀਆ ਦੇ ਸੰਯੁਕਤ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਮਿਜ਼ਾਈਲ ਨੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦੇ ਵਿਚਕਾਰ ਪਾਣੀ ਵਿੱਚ ਉਤਰਨ ਤੋਂ ਪਹਿਲਾਂ ਲਗਭਗ 1,000 ਕਿਲੋਮੀਟਰ (620 ਮੀਲ) ਦੀ ਉਡਾਣ ਭਰੀ। ਰਿਪੋਰਟ ਮੁਤਾਬਕ ਉੱਤਰੀ ਕੋਰੀਆ 2021 ਤੋਂ ਹਾਈਪਰਸੋਨਿਕ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ। ਉਨ੍ਹਾਂ ਨੂੰ ਮੈਕ 5 ਤੋਂ ਵੱਧ ਜਾਂ ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਵੱਧ ਸਪੀਡ ‘ਤੇ ਉੱਡਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਕੇਸੀਐੱਨਏ ਦੀ ਇੱਕ ਰਿਪੋਰਟ ਦੇ ਅਨੁਸਾਰ, ਰੂਸ ਦੇ ਵਿਦੇਸ਼ ਮੰਤਰੀ ਦੇ ਸੱਦੇ ‘ਤੇ ਵਿਦੇਸ਼ ਮੰਤਰੀ ਚੋਏ ਸੁਨ ਹੂਈ ਦੀ ਅਗਵਾਈ ਵਿੱਚ ਉੱਤਰੀ ਕੋਰੀਆ ਦਾ ਇੱਕ ਵਫ਼ਦ ਐਤਵਾਰ ਨੂੰ ਰੂਸ ਦਾ ਦੌਰਾ ਕਰਨ ਲਈ ਪਿਓਂਗਯਾਂਗ ਤੋਂ ਰਵਾਨਾ ਹੋਇਆ। ਜਾਪਾਨ ਟੂਡੇ ਨੇ ਰਿਪੋਰਟ ਦਿੱਤੀ ਹੈ ਕਿ ਯੂਐੱਸ ਅਤੇ ਦੱਖਣੀ ਕੋਰੀਆ ਦੀਆਂ ਸਰਕਾਰਾਂ ਦਾ ਦਾਅਵਾ ਹੈ ਕਿ ਉੱਤਰੀ ਕੋਰੀਆ ਯੂਕ੍ਰੇਨ ਉੱਤੇ ਹਮਲੇ ਲਈ ਰੂਸ ਨੂੰ ਤੋਪਖਾਨੇ ਅਤੇ ਮਿਜ਼ਾਈਲਾਂ ਸਮੇਤ ਹੋਰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
