ਬਟਾਲਾ, 12 ਜਨਵਰੀ (ਹਿ. ਸ.)। ਦੇਸ਼ ਭਰ ਵਿੱਚ ਹਰੇਕ ਸਾਲ 12 ਜਨਵਰੀ ਤੋਂ 19 ਜਨਵਰੀ ਤੱਕ ਮਨਾਏ ਜਾਂਦੇ ਯੁਵਾ ਸਪਤਾਹ ਦੇ ਤਹਿਤ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਰਾਜਦੀਪ ਸਿੰਘ ਬੱਲ ਦੀ ਅਗਵਾਈ ਵਿੱਚ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਅਤੇ ਸਹਾਇਕ ਪ੍ਰੋਗਰਾਮ ਅਫਸਰ ਸਚਿਨ ਅਠਵਾਲ ਦੀ ਦੇਖ ਰੇਖ ਹੇਠ ਅੱਜ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਯੁਵਕ ਸੇਵਾਵਾਂ ਵਿਭਾਗ ਗੁਰਦਾਸ ਪੁਰ ਦੇ ਸਹਾਇਕ ਡਾਇਰੈਕਟਰ ਰਵੀਦਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਏ ਇਸ ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਰਾਜਦੀਪ ਸਿੰਘ ਬੱਲ ਅਤੇ ਵੱਖ-ਵੱਖ ਵਿਭਾਗੀ ਇੰਚਾਰਜਾਂ ਵੱਲੋਂ ਸਮਾਂ ਰੋਸ਼ਨ ਕਰਕੇ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਬੱਲ ਨੇ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਇਸ ਲਈ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦਿਖਾ ਕੇ ਉਨਾਂ ਨੂੰ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਦੇਸ਼ ਦੀ ਉਨਤੀ ਅਤੇ ਉਨਾਂ ਦੀ ਭਲਾਈ ਲਈ ਪ੍ਰੇਰਿਤ ਕਰਨਾ ਬਹੁਤ ਜਰੂਰੀ ਹੈ। ਇਸ ਮੌਕੇ ਅਪਲਾਈਡ ਸਾਇੰਸ ਵਿਭਾਗ ਦੇ ਇੰਚਾਰਜ ਸ਼ਿਵਰਾਜਨਪੁਰੀ ਨੇ ਸੰਬੋਧਨ ਕਰਦਿਆਂ ਸੁਆਮੀ ਵਿਵੇਵਕਾ ਨੰਦ ਜੀ ਦੀ ਜੀਵਨ ਉੱਤੇ ਚਾਨਣਾ ਪਾਉਂਦਿਆਂ ਹੋਇਆਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ। ਸੁਪਰਡੰਟ ਹਰਪਾਲ ਸਿੰਘ ਭਾਮੜੀ ਨੇ ਆਪਣੇ ਸੰਬੋਧਨ ਰਾਹੀਂ ਨੌਜਵਾਨਾਂ ਨੂੰ ਆਪਣੇ ਕਾਲਜ, ਪਿੰਡ, ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾਉਣ ਲਈ ਪ੍ਰੇਰਤ ਕਰਦਿਆਂ ਹੋਇਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ।
ਕੈਮੀਕਲ ਵਿਭਾਗ ਦੇ ਇੰਚਾਰਜ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਸਰਚਾਰੂ ਅਤੇ ਉਸਾਰੂ ਕਾਰਜਾਂ ਵਿੱਚ ਵੱਧ ਤੋਂ ਵੱਧ ਲਗਾਉਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ। ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਵਿਦਿਆਰਥੀ ਕਾਲ ਵਿੱਚ ਵੱਡੀਆਂ ਕਠਿਨਾਈਆਂ ਅਤੇ ਕੁਰੀਤੀਆਂ ਦਾ ਸਾਹਮਣਾ ਕਰਕੇ ਸਾਚਾਰੂ ਅਤੇ ਉਸਾਰੂ ਕਾਰਜਾਂ ਵਿੱਚ ਲੱਗੇ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਹਾਰਦੇ ਸਗੋਂ ਦੂਸਰਿਆਂ ਲਈ ਹਮੇਸ਼ਾ ਪ੍ਰੇਰਨਾ ਦੇ ਸਰੋਤ ਬਣਦੇ ਹਨ। ਸਹਾਇਕ ਪ੍ਰੋਗਰਾਮ ਅਫਸਰ ਸਚਿਨ ਅਠਵਾਲ ਨੇ ਸਾਰੀਆਂ ਸ਼ਖਸ਼ੀਅਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
