ਗਾਂਧੀਨਗਰ/ਨਵੀਂ ਦਿੱਲੀ, 10 ਜਨਵਰੀ (ਹਿ.ਸ.)। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਬੁੱਧਵਾਰ ਨੂੰ ਗੁਜਰਾਤ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਵਿੱਚ ਗ੍ਰੀਨ ਐਨਰਜੀ ਪਾਰਕ ਦਾ ਨਿਰਮਾਣ ਵੀ ਸ਼ਾਮਲ ਹੈ, ਜੋ ਪੁਲਾੜ ਤੋਂ ਵੀ ਦਿਖਾਈ ਦੇਵੇਗਾ। ਇਸ ਨਾਲ ਇੱਕ ਲੱਖ ਨੌਕਰੀਆਂ ਪੈਦਾ ਹੋਣਗੀਆਂ।
ਗੌਤਮ ਅਡਾਨੀ ਨੇ 10ਵੇਂ ਵਾਈਬ੍ਰੈਂਟ ਗੁਜਰਾਤ ਸਮਿਟ 2024 ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮੂਹ ਅਗਲੇ ਪੰਜ ਸਾਲਾਂ ਵਿੱਚ ਹਰੀ ਊਰਜਾ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ 2 ਲੱਖ ਕਰੋੜ ਰੁਪਏ (24 ਅਰਬ ਡਾਲਰ) ਦਾ ਨਿਵੇਸ਼ ਕਰੇਗਾ। ਅਡਾਨੀ ਨੇ ਕਿਹਾ ਕਿ ਇਸ ਵਿਚ ਮੁੱਖ ਤੌਰ ‘ਤੇ ਗ੍ਰੀਨ ਐਨਰਜੀ ਪਾਰਕ ਦਾ ਨਿਰਮਾਣ ਸ਼ਾਮਲ ਹੈ, ਜੋ ਪੁਲਾੜ ਤੋਂ ਵੀ ਦਿਖਾਈ ਦੇਵੇਗਾ।
ਵਾਈਬ੍ਰੈਂਟ ਗੁਜਰਾਤ ਸਮਿਟ 2024 ਨੂੰ ਸੰਬੋਧਿਤ ਕਰਦੇ ਹੋਏ ਅਡਾਨੀ ਨੇ ਕਿਹਾ ਕਿ ਪਿਛਲੇ ਸੰਮੇਲਨ ‘ਚ 55 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ‘ਚੋਂ ਗਰੁੱਪ ਪਹਿਲਾਂ ਹੀ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਰੁੱਪ ਹੁਣ ਕੱਛ ਵਿੱਚ 25 ਵਰਗ ਕਿਲੋਮੀਟਰ ਵਿੱਚ ਫੈਲਿਆ 30 ਗੀਗਾਵਾਟ ਸਮਰੱਥਾ ਵਾਲਾ ਗ੍ਰੀਨ ਐਨਰਜੀ ਪਾਰਕ ਬਣਾ ਰਿਹਾ ਹੈ, ਜੋ ਪੁਲਾੜ ਤੋਂ ਵੀ ਦਿਖਾਈ ਦੇਵੇਗਾ। ਅਡਾਨੀ ਨੇ ਕਿਹਾ ਕਿ ਇਸ ਨਿਵੇਸ਼ ਨਾਲ ਇੱਕ ਲੱਖ ਨੌਕਰੀਆਂ ਪੈਦਾ ਹੋਣਗੀਆਂ।
ਵਰਨਣਯੋਗ ਹੈ ਕਿ ਇਸ ਸੰਮੇਲਨ ਵਿੱਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਤੇ ਦੁਨੀਆ ਦੇ ਕਈ ਹੋਰ ਪ੍ਰਮੁੱਖ ਸਿਆਸਤਦਾਨਾਂ ਅਤੇ ਉਦਯੋਗਾਂ ਦੇ ਪ੍ਰਮੁੱਖ ਨੇਤਾਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ, ਪੰਕਜ ਪਟੇਲ, ਗੌਤਮ ਅਡਾਨੀ ਅਤੇ ਲਕਸ਼ਮੀ ਮਿੱਤਲ ਸਮੇਤ ਦੇਸ਼-ਵਿਦੇਸ਼ ਦੇ ਪ੍ਰਮੁੱਖ ਕਾਰੋਬਾਰੀ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
