ਇਸਲਾਮਾਬਾਦ, 08 ਜਨਵਰੀ (ਹਿ.ਸ.)। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਜ਼ਿਲੇ ਦੀ ਮਾਮੁੰਡ ਤਹਿਸੀਲ ‘ਚ ਸੋਮਵਾਰ ਨੂੰ ਇਕ ਪੁਲਿਸ ਵੈਨ ਨੇੜੇ ਹੋਏ ਧਮਾਕੇ ‘ਚ 5 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਜ਼ਿਲਾ ਪੁਲਿਸ ਅਧਿਕਾਰੀ ਕਾਸ਼ਿਫ ਜ਼ੁਲਫਿਕਾਰ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਸਥਾਨਕ ਅਖਬਾਰ ਡਾਨ ਨੇ ਆਪਣੀ ਰਿਪੋਰਟ ਵਿੱਚ ਬਾਜੌਰ ਪੁਲਿਸ ਦੇ ਬੁਲਾਰੇ ਇਸਰਾਰ ਅਹਿਮਦ ਦੇ ਹਵਾਲੇ ਨਾਲ ਕਿਹਾ ਹੈ ਕਿ ਖੇਤਰ ਵਿੱਚ ਪੋਲੀਓ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਪੁਲਿਸ ਅਧਿਕਾਰੀ ਅਤੇ ਸਿਪਾਹੀ ਪੋਲੀਓ ਟੀਮਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਵੈਨ ਨੂੰ ਨਿਸ਼ਾਨਾ ਬਣਾਇਆ ਗਿਆ।
ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਜ਼ੀਰ ਖ਼ਾਨ ਸਫ਼ੀ ਨੇ ਦੱਸਿਆ ਕਿ 12 ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ 10 ਹੋਰ ਗੰਭੀਰ ਜ਼ਖ਼ਮੀਆਂ ਨੂੰ ਪੇਸ਼ਾਵਰ ਰੈਫ਼ਰ ਕਰ ਦਿੱਤਾ ਗਿਆ ਹੈ। ਮਲਕੰਦ ਡਿਵੀਜ਼ਨ ਦੇ ਕਮਿਸ਼ਨਰ ਸਾਕਿਬ ਰਜ਼ਾ ਨੇ ਕਿਹਾ ਕਿ ਧਮਾਕੇ ਕਾਰਨ ਖੇਤਰ ਵਿੱਚ ਪੋਲੀਓ ਟੀਕਾਕਰਨ ਮੁਹਿੰਮ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।
ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਜਸਟਿਸ (ਸੇਵਾਮੁਕਤ) ਅਰਸ਼ਦ ਹੁਸੈਨ ਸ਼ਾਹ ਨੇ ਧਮਾਕੇ ਦੀ ਨਿੰਦਾ ਕੀਤੀ ਅਤੇ ਪੁਲਿਸ ਅਧਿਕਾਰੀਆਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟ ਕੀਤਾ। ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
