ਢਾਕਾ, 08 ਜਨਵਰੀ (ਹਿ.ਸ.)। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਲਈ ਪੰਜਵੀਂ ਵਾਰ ਸੱਤਾ ਸੰਭਾਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਐਤਵਾਰ ਨੂੰ ਹੋਈਆਂ 12ਵੀਂ ਸੰਸਦੀ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਬੰਗਲਾਦੇਸ਼ ਅਵਾਮੀ ਲੀਗ ਨੂੰ ਫਤਵਾ ਮਿਲਿਆ ਹੈ। ਬੰਗਲਾਦੇਸ਼ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।
ਸਥਾਨਕ ਅਖਬਾਰ ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਅਵਾਮੀ ਲੀਗ ਨੇ 223 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗੋਪਾਲਗੰਜ-3 ਸੀਟ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸੰਸਦ ਮੈਂਬਰ ਵਜੋਂ ਇਹ ਉਨ੍ਹਾਂ ਦਾ ਅੱਠਵਾਂ ਕਾਰਜਕਾਲ ਹੋਵੇਗਾ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਜਨਤਾ ਨੇ ਕਿਸੇ ਸਿਆਸੀ ਪਾਰਟੀ ਦੀ ਬਜਾਏ ਆਜ਼ਾਦ ਉਮੀਦਵਾਰਾਂ ‘ਤੇ ਭਰੋਸਾ ਪ੍ਰਗਟਾਇਆ ਹੈ। 63 ਆਜ਼ਾਦ ਉਮੀਦਵਾਰ ਜੇਤੂ ਰਹੇ। ਕਮਿਸ਼ਨ ਮੁਤਾਬਕ, ਜਾਤੀਯ ਪਾਰਟੀ 300 ਵਿੱਚੋਂ ਸਿਰਫ਼ 11 ਸੀਟਾਂ ਹੀ ਹਾਸਲ ਕਰ ਸਕੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
