ਚੰਡੀਗੜ੍ਹ, 06 ਜਨਵਰੀ (ਹਿ. ਸ.)। ਬੀ. ਐੱਸ. ਐੱਫ. ਨੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਨੇ ਭਾਰਤੀ ਸਰਹੱਦ ‘ਤੇ ਡਰੋਨ ਦੀ ਮਦਦ ਨਾਲ ਸੁੱਟੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨੀ ਡਰੋਨਾਂ ਵੱਲੋਂ ਪੈਕਟਾਂ ਦੀ ਮਦਦ ਨਾਲ ਹੈਰੋਇਨ ਸੁੱਟੀ ਜਾਂਦੀ ਸੀ, ਅੱਜ ਇਸ ਨੂੰ ਬੈਗ ਦੀ ਮਦਦ ਨਾਲ ਸੁੱਟਿਆ ਗਿਆ ਹੈ। ਇਸ ਬੈਗ ‘ਤੇ ਫੁੱਟਬਾਲ ਖਿਡਾਰੀ ਰੋਨਾਲਡੋ ਦੀ ਤਸਵੀਰ ਹੈ। ਜਿਸ ਕਾਰਨ ਬੀਐੱਸਐੱਫ ਅਤੇ ਪੰਜਾਬ ਪੁਲਿਸ ਨਵੇਂ ਐਂਗਲ ਤੋਂ ਜਾਂਚ ਕਰੇਗੀ।
ਮਿਲੀ ਜਾਣਕਾਰੀ ਅਨੁਸਾਰ ਬੀਐੱਸਐੱਫ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਉਸ ਬੈਗ ਵਿੱਚੋਂ ਬਰਾਮਦ ਹੋਈ ਜਿਸ ’ਤੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਰੱਖੀ ਸੀ। ਬੀਐੱਸਐੱਫ ਨੂੰ ਪੀਲੀ ਟੇਪ ਨਾਲ ਬੰਨ੍ਹੀ ਹੈਰੋਇਨ ਮਿਲੀ। ਇਸ ਦੇ ਨਾਲ ਹੀ ਬੀਐੱਸਐੱਫ ਨੇ ਦੋ ਮੋਬਾਈਲ ਫੋਨ ਅਤੇ ਇੱਕ ਪੇਂਟ ਵੀ ਬਰਾਮਦ ਕੀਤੀ ਹੈ। ਇਹ ਸਭ ਕੁਝ ਬੈਗ ਵਿੱਚ ਪਾ ਕੇ ਸੁੱਟਿਆ ਗਿਆ ਸੀ।
ਬੀਐੱਸਐੱਫ ਦੇ ਬੁਲਾਰੇ ਅਨੁਸਾਰ ਸਾਲ 2023 ਵਿੱਚ ਕੁੱਲ 107 ਡਰੋਨ ਅਤੇ 442.395 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਇਨ੍ਹੀਂ ਦਿਨੀਂ ਪਾਕਿਸਤਾਨੀ ਤਸਕਰ ਸਰਹੱਦੀ ਇਲਾਕਿਆਂ ‘ਚ ਪੈ ਰਹੀ ਧੁੰਦ ਦਾ ਫਾਇਦਾ ਉਠਾ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਬਰਾਮਦ ਹੋਈਆਂ ਵਸਤੂਆਂ ਨੂੰ ਜਾਂਚ ਲਈ ਐੱਫ.ਐੱਸ.ਐੱਲ. ਕੋਲ ਭੇਜ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
