ਨਵੀਂ ਦਿੱਲੀ, 06 ਜਨਵਰੀ (ਹਿ.ਸ.)। ਉੱਤਰ-ਪੱਛਮੀ ਭਾਰਤ ਅਗਲੇ 24 ਘੰਟਿਆਂ ਤੱਕ ਸੰਘਣੀ ਧੁੰਦ ਨਾਲ ਢੱਕਿਆ ਰਹੇਗਾ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਇਸ ਸਬੰਧੀ ਆਰੇਂਜ ਅਲਰਟ ਜਾਰੀ ਕੀਤਾ ਹੈ। ਆਈ. ਐੱਮ. ਡੀ. ਅਨੁਸਾਰ ਅਗਲੇ 24 ਘੰਟਿਆਂ ਲਈ ਪੰਜਾਬ, ਹਰਿਆਣਾ, ਦਿੱਲੀ-ਐੱਨਸੀਆਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਬਣੀ ਰਹੇਗੀ ਹੈ ਅਤੇ ਖੇਤਰ ਵਿੱਚ ਠੰਡ ਜਾਰੀ ਰਹੇਗੀ।
ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਰਾਤ ਅਤੇ ਸਵੇਰ ਦੇ ਸਮੇਂ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਓਡੀਸ਼ਾ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਅਗਲੇ 48 ਘੰਟਿਆਂ ਤੱਕ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੀ ਇਹੀ ਸਥਿਤੀ ਰਹੇਗੀ। ਆਈ. ਐੱਮ. ਡੀ. ਨੇ ਅੱਗੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਤਾਮਿਲਨਾਡੂ, ਕੇਰਲ, ਲਕਸ਼ਦੀਪ ਅਤੇ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ ‘ਚ ਬਰਫੀਲੀਆਂ ਹਵਾਵਾਂ ਦੇ ਨਾਲ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਕਈ ਕੁਝ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਕਈ ਦੇਰੀ ਨਾਲ ਚੱਲ ਰਹੀਆਂ ਹਨ। ਸੰਘਣੀ ਧੁੰਦ ਕਰਕੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
