ਮੁੰਬਈ, 06 ਜਨਵਰੀ (ਹਿ. ਸ.)। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਮੈਚ ‘ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਆਸਟ੍ਰੇਲਿਆਈ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 141 ਦੌੜਾਂ ਹੀ ਬਣਾ ਸਕੀ। ਇਸ ਟੀਚੇ ਦੇ ਜਵਾਬ ‘ਚ ਭਾਰਤ ਦੀ ਓਪਨਿੰਗ ਸਾਂਝੇਦਾਰੀ ਸਮ੍ਰਿਤੀ ਮੰਧਾਨਾ (54) ਅਤੇ ਸ਼ੈਫਾਲੀ ਵਰਮਾ (ਅਜੇਤੂ 64) ਨੇ ਸ਼ਾਨਦਾਰ ਅਰਧ ਸੈਂਕੜੇ ਬਣਾਏ। ਟੀਮ ਇੰਡੀਆ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਪਹਿਲੀ ਵਿਕਟ ਲਈ 137 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਜਿੱਤ ਦੀ ਨੀਂਹ ਰੱਖੀ। ਭਾਰਤ ਨੇ 14 ਗੇਂਦਾਂ ਰਹਿੰਦਿਆਂ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਭਾਰਤੀ ਟੀਮ ਵੱਲੋਂ ਚਾਰ ਆਸਟ੍ਰੇਲੀਅਨ ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਉਣ ਵਾਲੀ ਨੌਜਵਾਨ ਮੱਧਮ ਤੇਜ਼ ਗੇਂਦਬਾਜ਼ ਤੀਤਾਸ ਸਾਧੂ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦੇ ਤਿੰਨੋਂ ਮੈਚ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੀ ਖੇਡੇ ਜਾਣਗੇ। ਸੀਰੀਜ਼ ਦਾ ਦੂਜਾ ਮੈਚ ਐਤਵਾਰ 7 ਜਨਵਰੀ ਨੂੰ ਸ਼ਾਮ 7 ਵਜੇ ਹੋਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
