ਕੋਲਕਾਤਾ, 05 ਜਨਵਰੀ (ਹਿ.ਸ.)। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਰਾਸ਼ਨ ਵੰਡ ਭ੍ਰਿਸ਼ਟਾਚਾਰ ਮਾਮਲੇ ਵਿੱਚ ਛਾਪਾ ਮਾਰਨ ਪਹੁੰਚੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਉੱਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਵੱਡੀ ਗਿਣਤੀ ‘ਚ ਪਹੁੰਚੇ ਤ੍ਰਿਣਮੂਲ ਵਰਕਰਾਂ ਨੇ ਹਮਲਾ ਕਰ ਦਿੱਤਾ। ਇਸ ਕਾਰਨ ਅਧਿਕਾਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ।
ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਨੇਤਾ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਗਈ ਈਡੀ ਦੀ ਟੀਮ ‘ਤੇ ਹਮਲਾ ਹੋਇਆ ਹੈ। ਤ੍ਰਿਣਮੂਲ ਵਰਕਰਾਂ ਨੇ ਸੰਦੇਸ਼ਖਾਲੀ ‘ਚ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਸੜਕਾਂ ਨੂੰ ਘੇਰ ਲਿਆ ਅਤੇ ਟਾਇਰਾਂ ਨੂੰ ਅੱਗ ਲਾ ਦਿੱਤੀ। ਮੀਡੀਆ ਦੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ। ਇਹ ਪਹਿਲੀ ਵਾਰ ਹੈ ਜਦੋਂ ਈਡੀ ਨੂੰ ਕਿਸੇ ਅਪਰੇਸ਼ਨ ਵਿੱਚ ਇੰਨੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਹ ਘਟਨਾ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ। ਰਾਸ਼ਨ ਵੰਡ ਭ੍ਰਿਸ਼ਟਾਚਾਰ ਮਾਮਲੇ ‘ਚ ਈਡੀ ਦੇ ਅਧਿਕਾਰੀ ਤ੍ਰਿਣਮੂਲ ਨੇਤਾ ਸ਼ਾਹਜਹਾਂ ਸ਼ੇਖ ਦੇ ਸੰਦੇਸ਼ਖਾਲੀ ਸਥਿਤ ਘਰ ਪਹੁੰਚੇ। ਘਰ ਨੂੰ ਤਾਲਾ ਲੱਗਾ ਹੋਇਆ ਸੀ। ਕਾਫੀ ਦੇਰ ਫੋਨ ਕਰਨ ਤੋਂ ਬਾਅਦ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ। ਕਰੀਬ ਇਕ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਘਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਤ੍ਰਿਣਮੂਲ ਸਮਰਥਕ ਉੱਥੇ ਪਹੁੰਚ ਗਏ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਤ੍ਰਿਣਮੂਲ ਦੇ ਇਕ ਧੜੇ ‘ਤੇ ਕੇਂਦਰੀ ਬਲਾਂ ਦੇ ਜਵਾਨਾਂ ਨਾਲ ਧੱਕਾ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਤ੍ਰਿਣਮੂਲ ਸਮਰਥਕਾਂ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਈਡੀ ਦੇ ਅਧਿਕਾਰੀ ਖਾਲੀ ਹੱਥ ਪਰਤ ਗਏ। ਇਸ ਤੋਂ ਬਾਅਦ ਵੀ ਭੀੜ ਨੇ ਹੰਗਾਮਾ ਕਰਨਾ ਜਾਰੀ ਰੱਖਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
