ਲੁਧਿਆਣਾ, 05 ਜਨਵਰੀ (ਹਿ. ਸ.)। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਇੰਸਪੈਕਟਰ ਵੱਲੋਂ ਪਿੰਡੀ ਗਲੀ ਸਥਿਤ ਮੈਡਕੀਲਾਂ ਸਟੋਰਾਂ ਦੀ ਜਾਂਚ ਦੌਰਾਨ ਬਿਨ੍ਹਾਂ ਬਿੱਲ ਤੋਂ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ (ਐਮ.ਟੀ.ਪੀ.) ਕਿੱਟਾਂ ਬਰਾਮਦ ਕੀਤੀਆ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਲਾਈਸੈਸਿੰਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਹੁਕਮਾਂ ਤਹਿਤ ਉਨਾਂ ਦੀ ਟੀਮ ਵੱਲੋ ਪਿੰਡੀ ਗਲੀ ਵਿਚ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਡਰੱਗਜ ਇੰਸਪੈਕਟਰ ਰੁਪਿੰਦਰ ਕੌਰ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਦੁਕਾਨਦਾਰ ਪਾਸੋਂ ਬਿਨ੍ਹਾਂ ਬਿੱਲ ਤੋਂ ਲਗਭਗ 54 ਐੱਮ.ਟੀ.ਪੀ. ਕਿੱਟਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਦਾਰ ਨੂੰ ਇਨ੍ਹਾਂ ਕਿੱਟਾਂ ਦੇ ਬਿੱਲ ਦਿਖਾਉਣ ਲਈ ਕਿਹਾ ਤਾਂ ਦੁਕਾਨਦਾਰ ਕੋਲ ਬਿੱਲ ਨਹੀ ਸਨ। ਦੁਕਾਨਦਾਰ ਕੋਲ ਕਿੱਟਾਂ ਦੇ ਬਿੱਲ ਨਾ ਹੋਣ ਕਾਰਨ ਵਿਭਾਗ ਵਲੋ ਇਨ੍ਹਾਂ ਕਿੱਟਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਕਿਹਾ ਕਿ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਸਰਜਨ ਡਾ. ਔਲਖ ਦੀਆਂ ਹਦਾਇਤਾਂ ਤਹਿਤ ਭਵਿੱਖ ਵਿਚ ਵੀ ਚੈਕਿੰਗ ਜਾਰੀ ਰਹੇਗੀ ਅਤੇ ਜੇਕਰ ਕਿਸੇ ਮੈਡੀਕਲ ਸਟੋਰ ਵਲੋਂ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਕੋਤਾਹੀ ਵਰਤੀ ਗਈ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
