ਨਵੀਂ ਦਿੱਲੀ, 02 ਜਨਵਰੀ (ਹਿ.ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਦਬਾਅ ਦੀ ਸਥਿਤੀ ਨਜ਼ਰ ਆ ਰਹੀ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ। ਪਹਿਲੇ ਅੱਧੇ ਘੰਟੇ ਤੱਕ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਦਾ ਦਬਾਅ ਰਿਹਾ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਨਿਸ਼ਾਨ ‘ਤੇ ਆ ਗਏ। ਕਾਰੋਬਾਰ ਦੌਰਾਨ 11 ਵਜੇ ਤੱਕ ਸੈਂਸੈਕਸ 535.87 ਅੰਕ ਜਾਂ 0.74 ਫੀਸਦੀ ਦੀ ਗਿਰਾਵਟ ਨਾਲ 71,736.07 ਅੰਕ ’ਤੇ ਅਤੇ ਨਿਫਟੀ 136.65 ਅੰਕ ਭਾਵ 0.63 ਫੀਸਦੀ ਦੀ ਗਿਰਾਵਟ ਨਾਲ 21,605.25 ਅੰਕ ’ਤੇ ਕਾਰੋਬਾਰ ਕਰ ਰਹੇ ਸੀ।
ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸ਼ੇਅਰਾਂ ਵਿਚੋਂ ਡਿਵੀਸ ਲੈਬਾਰਟਰੀਜ਼, ਕੋਲ ਇੰਡੀਆ, ਸਨ ਫਾਰਮਾਸਿਊਟੀਕਲ, ਸਿਪਲਾ ਅਤੇ ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸ਼ੇਅਰ 2.33 ਫੀਸਦੀ ਤੋਂ 1.04 ਫੀਸਦੀ ਤੱਕ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਅਲਟ੍ਰਾਟੈੱਕ ਸੀਮੈਂਟ, ਆਇਸ਼ਰ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਹੀਰੋ ਮੋਟੋਕਾਰਪ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰ 2.51 ਤੋਂ 1.23 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 7 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 23 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 15 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 35 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 60.90 ਅੰਕਾਂ ਦੇ ਵਾਧੇ ਨਾਲ 72,332.84 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ, ਪਹਿਲੇ ਅੱਧੇ ਘੰਟੇ ਲਈ ਮਾਮੂਲੀ ਉਤਰਾਅ-ਚੜ੍ਹਾਅ ਰਹੇ, ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਦਾ ਜ਼ੋਰਦਾਰ ਦਬਾਅ ਰਿਹਾ, ਜਿਸ ਕਾਰਨ ਸੂਚਕਾਂਕ ਲਾਲ ਨਿਸ਼ਾਨ ‘ਤੇ ਆ ਗਿਆ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ 400 ਅੰਕਾਂ ਤੋਂ ਵੱਧ ਡਿੱਗ ਕੇ 71,839.42 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰਾਂ ਨੇ ਵੀ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਇਸ ਸੂਚਕਾਂਕ ਦੀ ਸਥਿਤੀ ‘ਚ ਕੋਈ ਖਾਸ ਸੁਧਾਰ ਨਹੀਂ ਹੋਇਆ।
ਸੈਂਸੈਕਸ ਵਾਂਗ ਐੱਨਐੱਸਈ ਨਿਫਟੀ ਨੇ ਵੀ ਅੱਜ 9.45 ਅੰਕਾਂ ਦੇ ਮਾਮੂਲੀ ਮਜ਼ਬੂਤੀ ਨਾਲ 21,751.35 ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਇਹ ਸੂਚਕਾਂਕ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਪਹਿਲੇ ਅੱਧੇ ਘੰਟੇ ਤੱਕ ਫਲੈਟ ਪੱਧਰ ‘ਤੇ ਵਪਾਰ ਕਰਦਾ ਰਿਹਾ। ਪਰ ਇਸ ਤੋਂ ਬਾਅਦ ਚਾਰੇ ਪਾਸੇ ਬਿਕਵਾਲੀ ਕਾਰਨ ਇਹ ਸੂਚਕਾਂਕ 21,626.50 ਅੰਕ ਤੱਕ ਡਿੱਗ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰੀ ਸ਼ੁਰੂ ਹੋਣ ਕਾਰਨ ਇਸ ਸੂਚਕਾਂਕ ਦੀ ਸਥਿਤੀ ‘ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਆਖਰੀ ਕਾਰੋਬਾਰੀ ਦਿਨ ਸੈਂਸੈਕਸ 31.68 ਅੰਕ ਜਾਂ 0.04 ਫੀਸਦੀ ਮਜ਼ਬੂਤੀ 72,271.94 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 10.50 ਅੰਕ ਜਾਂ 0.05 ਫੀਸਦੀ ਦੀ ਮਜ਼ਬੂਤੀ ਨਾਲ 21,741.90 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
