ਚੰਡੀਗੜ੍ਹ, 01 ਜਨਵਰੀ (ਹਿ. ਸ.)। ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਲੰਘੇ ਸਾਲ 2023 ਵਿੱਚ ਪੰਜਾਬ ਅੰਦਰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ 107 ਡਰੋਨਾਂ ਨੂੰ ਡੇਗਿਆ ਜਾਂ ਬਰਾਮਦ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਬਰਾਮਦ ਕੀਤੇ ਗਏ ਲਗਭਗ ਸਾਰੇ ਡਰੋਨ ਚੀਨ ਵਿਚ ਬਣਾਏ ਗਏ ਸਨ ਅਤੇ ਜ਼ਿਆਦਾਤਰ ਡਰੋਨ ਸਰਹੱਦ ‘ਤੇ ਸਥਿਤ ਖੇਤਾਂ ਤੋਂ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰਾਜਸਥਾਨ ਸਰਹੱਦ ਤੋਂ ਕਰੀਬ 10 ਡਰੋਨ ਜਾਂ ਮਾਨਵ ਰਹਿਤ ਹਵਾਈ ਵਾਹਨ (ਯੂ.ਏ.ਵੀ.) ਬਰਾਮਦ ਕੀਤੇ ਗਏ ਹਨ। ਸੁਰੱਖਿਆ ਬਲਾਂ ਨੇ 2023 ਵਿੱਚ ਕੁੱਲ 442.39 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਸੀ, ਜੋ ਮੁੱਖ ਤੌਰ ‘ਤੇ ਇਨ੍ਹਾਂ ਡਰੋਨਾਂ ਤੋਂ ਸੁੱਟੀ ਗਈ ਸੀ।
ਪੰਜਾਬ ਫਰੰਟ ਤੋਂ ਵੱਖ-ਵੱਖ ਕੈਲੀਬਰ ਦੇ 23 ਹਥਿਆਰ ਅਤੇ 505 ਰੌਂਦ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਤਿੰਨ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ, ਜਦੋਂ ਕਿ ਬੀਐਸਐਫ ਦੇ ਜਵਾਨਾਂ ਨੇ ਦੋ ਸਮੱਗਲਰਾਂ ਸਮੇਤ 23 ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ। ਅਧਿਕਾਰੀ ਨੇ ਉਸੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 35 ਤਸਕਰਾਂ ਸਮੇਤ 14 ਬੰਗਲਾਦੇਸ਼ੀ ਨਾਗਰਿਕ ਅਤੇ 95 ਭਾਰਤੀ ਸ਼ੱਕੀ ਵੀ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਇਕ ਦਰਜਨ ਪਾਕਿਸਤਾਨੀ ਨਾਗਰਿਕ, ਜੋ ਅਣਜਾਣੇ ਵਿਚ ਆਈਬੀ ਦੀ ਵਾੜ ਨੂੰ ਪਾਰ ਕਰ ਗਏ ਸਨ, ਨੂੰ ਵੀ ਦੂਜੇ ਪਾਸੇ ਸੌਂਪਿਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਕਿ ਬੀਐਸਐਫ ਸਾਰੇ ਹਿੱਸੇਦਾਰਾਂ ਨਾਲ ਸਰਗਰਮ ਸੰਚਾਰ ਅਤੇ ਤਾਲਮੇਲ ਰਾਹੀਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਨਾਲ ਭਾਰਤ ਦੇ ਪੱਛਮੀ ਖੇਤਰ ਵਿੱਚ 2,289 ਕਿਲੋਮੀਟਰ ਤੋਂ ਵੱਧ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਕਰਦੀ ਹੈ। ਪੰਜਾਬ ਖੇਤਰ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਦੀ ਸਰਹੱਦ ਹੈ। ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਲਗਾਤਾਰ ਭੇਜੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨ ਅਜਿਹੀਆਂ ਗਤੀਵਿਧੀਆਂ ’ਤੇ ਲਗਾਤਾਰ ਚੌਕਸੀ ਵਰਤ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
