ਨਵੀਂ ਦਿੱਲੀ, 30 ਦਸੰਬਰ (ਹਿ. ਸ.)। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਭਾਰਤ ਖਿਲਾਫ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।
ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਇਕ ਬਿਆਨ ‘ਚ ਕਿਹਾ ਕਿ 23 ਸਾਲਾ ਕੋਏਟਜ਼ੀ ਨੂੰ ਪੇਲਵਿਕ ‘ਚ ਤਕਲੀਫ ਹੋਈ, ਜੋ ਮੈਚ ਦੇ ਤੀਜੇ ਦਿਨ ਗੇਂਦਬਾਜ਼ੀ ਕਰਦੇ ਸਮੇਂ ਹੋਰ ਵੀ ਖਰਾਬ ਹੋ ਗਈ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸਕੈਨ ਕੀਤਾ ਗਿਆ ਜਿਸ ਤੋਂ ਸੱਟ ਦੀ ਗੰਭੀਰਤਾ ਦਾ ਪਤਾ ਲੱਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਮੁੱਖ ਕੋਚ ਸ਼ੁਕਰੀ ਕੋਨਰਾਡ ਨੇ ਸਾਵਧਾਨੀ ਦੇ ਤੌਰ ‘ਤੇ ਕੋਏਟਜ਼ੀ ਨੂੰ ਟੀਮ ‘ਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਦੇ ਬਦਲੇ ਕਿਸੇ ਖਿਡਾਰੀ ਨੂੰ ਟੀਮ ‘ਚ ਸ਼ਾਮਲ ਕਰਨ ਦਾ ਨਾਮ ਨਹੀਂ ਰੱਖਿਆ ਗਿਆ ਹੈ। ਕਾਗਿਸੋ ਰਬਾਡਾ, ਮਾਰਕੋ ਜੈਨਸੇਨ ਅਤੇ ਨੈਂਡਰੇ ਬਰਗਰ ਤੋਂ ਇਲਾਵਾ, ਦੱਖਣੀ ਅਫਰੀਕਾ ਕੋਲ ਲੁੰਗੀ ਐਨਗਿਡੀ ਅਤੇ ਵਿਆਨ ਮੁਲਡਰ ਵਜੋਂ ਹੋਰ ਤੇਜ਼ ਗੇਂਦਬਾਜ਼ੀ ਵਿਕਲਪ ਹਨ।
ਕੋਏਟਜ਼ੀ ਨੇ ਪਹਿਲੇ ਟੈਸਟ ‘ਚ 19 ਦੌੜਾਂ ਬਣਾਈਆਂ ਅਤੇ ਸਿਰਫ 1 ਵਿਕਟ ਲਈ ਸੀ। ਦੱਖਣੀ ਅਫਰੀਕਾ ਨੇ ਸੈਂਚੁਰੀਅਨ ਵਿੱਚ ਭਾਰਤ ਨੂੰ ਤਿੰਨ ਦਿਨਾਂ ਅੰਦਰ ਇੱਕ ਪਾਰੀ ਅਤੇ 32 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਸੈਂਚੁਰੀਅਨ ਟੈਸਟ ਦੇ ਪਹਿਲੇ ਦਿਨ ਖੱਬੀ ਹੈਮਸਟ੍ਰਿੰਗ ਦੀ ਸੱਟ ਕਾਰਨ ਕਪਤਾਨ ਟੇਂਬਾ ਬਾਵੁਮਾ ਨੂੰ ਗੁਆ ਚੁੱਕੇ ਦੱਖਣੀ ਅਫਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ‘ਚ ਨਵੇਂ ਸਾਲ ਦੇ ਟੈਸਟ ਲਈ ਬੱਲੇਬਾਜ਼ ਜ਼ੁਬੈਰ ਹਮਜ਼ਾ ਨੂੰ ਉਨ੍ਹਾਂ ਦੇ ਬਦਲ ਵਜੋਂ ਨਾਮਜ਼ਦ ਕੀਤਾ ਹੈ।
ਪ੍ਰੋਟੀਜ਼ ਟੀਮ ਦੀ ਕਪਤਾਨੀ ਦੂਜੇ ਟੈਸਟ ਵਿੱਚ ਅਨੁਭਵੀ ਸਲਾਮੀ ਬੱਲੇਬਾਜ਼ ਡੀਨ ਐਲਗਰ ਕਰਨਗੇ, ਜਿਨ੍ਹਾਂ ਨੇ ਸੈਂਚੁਰੀਅਨ ਵਿੱਚ 185 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਆਪਣੇ ਆਖਰੀ ਟੈਸਟ ਵਿੱਚ ਦੱਖਣੀ ਅਫਰੀਕਾ ਦੀ ਅਗਵਾਈ ਕਰਨਗੇ।
ਦੱਖਣੀ ਅਫਰੀਕਾ ਟੈਸਟ ਟੀਮ: ਡੀਨ ਐਲਗਰ (ਕਪਤਾਨ), ਡੇਵਿਡ ਬੇਡਿੰਘਮ, ਨਾਂਦਰੇ ਬਰਗਰ, ਟੋਨੀ ਡੀਜਾਰਜ, ਜ਼ੁਬੈਰ ਹਮਜ਼ਾ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਵਿਆਨ ਮੁਲਡਰ, ਲੁੰਗੀ ਐਨਗਿਡੀ, ਕੀਗਨ ਪੀਟਰਸਨ, ਕਾਗਿਸੋ ਰਬਾਡਾ, ਟ੍ਰਿਸਟਨ ਸਟੱਬਸ, ਕਾਇਲ ਵੇਰੇਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
