ਨਵੀਂ ਦਿੱਲੀ, 28 ਦਸੰਬਰ (ਹਿ. ਸ.)। ਕਤਰ ਵਿੱਚ ਕਥਿਤ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਵਾਲੇ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਜਵਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਕਤਰ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਜ਼ਾ ਘਟਾ ਵੀ ਦਿੱਤੀ ਹੈ। ਭਾਰਤ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ।
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ। ਮੰਤਰਾਲੇ ਨੇ ਕਿਹਾ ਕਿ ਅਸੀਂ ਦਹਰਾ ਗਲੋਬਲ ਮਾਮਲੇ ‘ਚ ਕਤਰ ਦੀ ਅਪੀਲ ਕੋਰਟ ਦੇ ਅੱਜ ਦੇ ਫੈਸਲੇ ਦਾ ਨੋਟਿਸ ਲਿਆ ਹੈ, ਜਿਸ ‘ਚ ਸਜ਼ਾ ਨੂੰ ਘੱਟ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਜ਼ਾ ਬਾਰੇ ਵਿਸਥਾਰਤ ਫੈਸਲੇ ਦੀ ਉਡੀਕ ਹੈ। ਕਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਰਹੇਗੀ। ਅਸੀਂ ਅਗਲੇ ਕਦਮਾਂ ਬਾਰੇ ਫੈਸਲਾ ਕਰਨ ਲਈ ਕਾਨੂੰਨੀ ਟੀਮ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਹਾਂ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਤਰ ਵਿੱਚ ਸਾਡੇ ਰਾਜਦੂਤ ਅਤੇ ਹੋਰ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਅੱਜ ਅਦਾਲਤ ਵਿੱਚ ਮੌਜੂਦ ਸਨ। ਅਸੀਂ ਕੇਸ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਹਰ ਤਰ੍ਹਾਂ ਦੀ ਕੌਂਸਲਰ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਅਸੀਂ ਇਸ ਮਾਮਲੇ ਨੂੰ ਕਤਰ ਦੇ ਅਧਿਕਾਰੀਆਂ ਕੋਲ ਉਠਾਉਂਦੇ ਵੀ ਰਹਾਂਗੇ। ਇਸ ਕੇਸ ਦੀ ਕਾਰਵਾਈ ਗੁਪਤ ਅਤੇ ਸੰਵੇਦਨਸ਼ੀਲ ਹੋਣ ਕਾਰਨ ਇਸ ਸਮੇਂ ਕੋਈ ਹੋਰ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ 26 ਅਕਤੂਬਰ ਨੂੰ ਕਤਰ ਦੀ ਅਦਾਲਤ ਨੇ ਜਲ ਸੈਨਾ ਦੇ ਅੱਠ ਸਾਬਕਾ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
