ਨਵੀਂ ਦਿੱਲੀ, 27 ਦਸੰਬਰ (ਹਿ. ਸ.)। ਕੇਂਦਰ ਸਰਕਾਰ ਹੁਣ ਭਾਰਤ ਬ੍ਰਾਂਡ ਦੇ ਤਹਿਤ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੌਲ ਵੇਚੇਗੀ। ਸਰਕਾਰ ਪਹਿਲਾਂ ਹੀ ਭਾਰਤ ਬ੍ਰਾਂਡ ਦੇ ਤਹਿਤ ਆਟਾ ਅਤੇ ਛੋਲੇ ਦੀ ਦਾਲ ਵੇਚ ਰਹੀ ਹੈ। ਮੌਜੂਦਾ ਸਮੇਂ ‘ਚ ਦੇਸ਼ ‘ਚ ਚੌਲਾਂ ਦੀ ਔਸਤ ਕੀਮਤ 43.3 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਿਸ ‘ਚ ਪਿਛਲੇ ਸਾਲ ਦੇ ਮੁਕਾਬਲੇ 14.1 ਫੀਸਦੀ ਦਾ ਵਾਧਾ ਹੋਇਆ ਹੈ।
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦਿੱਤੀ ਜਾਣਕਾਰੀ ‘ਚ ਕਿਹਾ ਕਿ ਸਰਕਾਰ ਹੁਣ ਭਾਰਤ ਬ੍ਰਾਂਡ ਦੇ ਤਹਿਤ ਚੌਲ ਵੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇਗੀ। ਭਾਰਤ ਬ੍ਰਾਂਡ ਦੇ ਚੌਲਾਂ ਦੀ ਵਿਕਰੀ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ (ਐੱਨਸੀਸੀਐੱਫ) ਅਤੇ ਕੇਂਦਰੀ ਭੰਡਾਰ ਆਊਟਲੈਟਸ ਰਾਹੀਂ ਕੀਤੀ ਜਾਵੇਗੀ। ਸਰਕਾਰ ਨੇ ਚੌਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਇਹ ਕਦਮ ਚੁੱਕਿਆ ਹੈ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 6 ਨਵੰਬਰ 2023 ਨੂੰ 27.50 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਤੇ ‘ਭਾਰਤ ਆਟਾ’ ਲਾਂਚ ਕੀਤਾ ਸੀ। ਭਾਰਤ ਆਟਾ 10 ਕਿਲੋ ਅਤੇ 30 ਕਿਲੋ ਦੇ ਪੈਕ ਵਿੱਚ ਉਪਲੱਬਧ ਹੈ। ਸਰਕਾਰ ਨੇ ਇਹ ਫੈਸਲਾ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਕਾਰਨ ਲਿਆ ਹੈ। ਇਸ ਸਮੇਂ ਦੇਸ਼ ਵਿੱਚ ਆਟੇ ਦੀ ਔਸਤ ਕੀਮਤ 35 ਰੁਪਏ ਪ੍ਰਤੀ ਕਿਲੋ ਹੈ।
ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ‘ਚ ਅਨਾਜ ਦੀਆਂ ਕੀਮਤਾਂ ‘ਚ 10.27 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਨਵੰਬਰ ‘ਚ ਖੁਰਾਕੀ ਮਹਿੰਗਾਈ ਦਰ ਵੱਧ ਕੇ 8.70 ਫੀਸਦੀ ਦੇ ਪੱਧਰ ‘ਤੇ ਪਹੁੰਚ ਗਈ ਹੈ। ਪਿਛਲੇ ਮਹੀਨੇ ਇਹ 6.61 ਫੀਸਦੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
