ਲੰਡਨ, 25 ਦਸੰਬਰ (ਹਿ. ਸ.)। ਕੀਰੋਨ ਪੋਲਾਰਡ ਨੂੰ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਹੈ।
ਪੋਲਾਰਡ ਨੇ 101 ਟੀ-20 ਮੈਚਾਂ ਵਿੱਚ ਵੈਸਟਇੰਡੀਜ਼ ਦੀ ਨੁਮਾਇੰਦਗੀ ਕੀਤੀ ਹੈ। ਉਹ 2012 ਵਿੱਚ ਟੀ-20 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ 2021 ਦੇ ਐਡੀਸ਼ਨ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਪਰ ਅਜੇ ਵੀ ਫ੍ਰੈਂਚਾਇਜ਼ੀ-ਲੀਗ ਸਰਕਟ ਵਿੱਚ ਸਰਗਰਮ ਹਨ।
ਪੋਲਾਰਡ ਨੇ ਹਾਲ ਹੀ ਵਿੱਚ ਅਬੂ ਧਾਬੀ ਟੀ 10 ਲੀਗ ਵਿੱਚ ਨਿਊਯਾਰਕ ਸਟ੍ਰਾਈਕਰਜ਼ ਦੀ ਕਪਤਾਨੀ ਕੀਤੀ ਅਤੇ ਸੀਪੀਐੱਲ 2023 ਦੇ ਫਾਈਨਲ ਵਿੱਚ ਟ੍ਰਿਨਬਾਗੋ ਨਾਈਟ ਰਾਈਡਰਜ਼ ਨੂੰ ਜਿਤ ਦਵਾਈ। ਉਹ ਆਈਐੱਲਟੀ20 ਵਿੱਚ ਐੱਮਆਈ ਅਮੀਰਾਤ ਦੀ ਅਗਵਾਈ ਕਰਦੇ ਹਨ ਅਤੇ ਆਈਪੀਐੱਲ ਵਿੱਚ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਹਨ।
ਇੰਗਲੈਂਡ ਮੌਜੂਦਾ ਚੈਂਪੀਅਨ ਦੇ ਤੌਰ ‘ਤੇ ਟੂਰਨਾਮੈਂਟ ਵਿਚ ਉੱਤਰ ਰਿਹਾ ਹੈ, ਪਰ ਭਾਰਤ ਵਿਚ ਹੋਏ ਵਨਡੇ ਵਿਸ਼ਵ ਕੱਪ ’ਚ ਉਸਨੂੰ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਸਾਹਮਣਾ ਕਰ ਰਿਹਾ ਹੈ, ਉਸਨੇ ਆਪਣੇ ਨੌਂ ਮੈਚਾਂ ਵਿਚੋਂ ਛੇ ਹਾਰੇ, ਪਰ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ’ਚ ਸਫ਼ਲ ਰਿਹਾ।
ਵਿਸ਼ਵ ਕੱਪ ਦਾ ਆਗਾਮੀ ਐਡੀਸ਼ਨ 4 ਤੋਂ 30 ਜੂਨ ਤੱਕ ਸੱਤ ਕੈਰੇਬੀਅਨ ਅਤੇ ਤਿੰਨ ਅਮਰੀਕੀ ਸਥਾਨਾਂ ‘ਤੇ ਖੇਡਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
