ਤੇਲ ਅਵੀਵ/ਗਾਜ਼ਾ ਪੱਟੀ, 23 ਦਸੰਬਰ (ਹਿ.ਸ.)। ਗਾਜ਼ਾ ਪੱਟੀ ’ਚ ਜੰਗ ਦੇ 78ਵੇਂ ਦਿਨ ਸ਼ਨੀਵਾਰ ਦੀ ਸਵੇਰ ਨੂੰ ਇਜ਼ਰਾਈਲ ਦੀ ਹਵਾਈ ਸੈਨਾ ਨੇ ਲੇਬਨਾਨ ਉੱਤੇ ਹਮਲਾ ਕੀਤਾ। ਇਸ ਤੋਂ ਇਲਾਵਾ ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਗਾਜ਼ਾ ਸ਼ਹਿਰ ਅਤੇ ਮੱਧ ਗਾਜ਼ਾ ‘ਚ ਕਈ ਥਾਵਾਂ ‘ਤੇ ਹਮਲੇ ਕੀਤੇ। ਆਈਡੀਐੱਫ ਨੇ ਗਾਜ਼ਾ ‘ਚ ਲੜਾਈ ਦੌਰਾਨ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੀ ਲੰਬੀ ਸੁਰੰਗ ‘ਚ ਲੁਕੇ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਜ਼ਰਾਈਲ ਦੇ ਪ੍ਰਮੁੱਖ ਅਖਬਾਰ ‘ਦਿ ਟਾਈਮਜ਼ ਆਫ ਇਜ਼ਰਾਈਲ’ ਮੁਤਾਬਕ ਸਰਹੱਦ ‘ਤੇ ਜਾਰੀ ਲੜਾਈ ਦਰਮਿਆਨ ਇਜ਼ਰਾਈਲ ਦੀ ਹਵਾਈ ਫੌਜ ਨੇ ਦੱਖਣੀ ਲੇਬਨਾਨ ਦੇ ਕਫਰ ਕਿਲਾ ਇਲਾਕੇ ‘ਤੇ ਸਵੇਰ ਤੋਂ ਕਈ ਵਾਰ ਹਮਲਾ ਕੀਤਾ ਹੈ। ਇਸ ਹਮਲੇ ਦੇ ਪੂਰੇ ਵੇਰਵਿਆਂ ਦੀ ਉਡੀਕ ਹੈ। ਇਜ਼ਰਾਈਲ ਦੇ ਦੂਜੇ ਅਖਬਾਰ ਯੇਰੂਸ਼ਲਮ ਪੋਸਟ ਦੇ ਅਨੁਸਾਰ, ਇਜ਼ਰਾਈਲੀ ਹਵਾਈ ਸੈਨਾ ਨੇ ਸ਼ਨੀਵਾਰ ਸਵੇਰੇ ਗਾਜ਼ਾ ਸਿਟੀ ਅਤੇ ਮੱਧ ਗਾਜ਼ਾ ਦੇ ਹੋਰ ਸਥਾਨਾਂ ‘ਤੇ ਮਿਜ਼ਾਈਲਾਂ ਅਤੇ ਰਾਕੇਟ ਦਾਗੇ। ਇਸ ਨਾਲ ਦੀਰ ਅਲ-ਬਲਾਹ ਇਲਾਕੇ ਵਿਚ ਭਾਰੀ ਤਬਾਹੀ ਹੋਈ ਹੈ।
ਆਈਡੀਐੱਫ ਨੇ ਕਿਹਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਹਮਾਸ ਹੈੱਡਕੁਆਰਟਰ ‘ਤੇ ਹਮਲੇ ਵਿੱਚ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪੈਰਾਟ੍ਰੋਪਰਸ ਬ੍ਰਿਗੇਡ ਦੇ ਜਵਾਨਾਂ ਨੇ ਹਮਾਸ ਦੇ ਖਿਲਾਫ ਮੁਹਿੰਮ ‘ਚ ਇਹ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ ਗਾਜ਼ਾ ਸ਼ਹਿਰ ਦੇ ਇਸਾ ਇਲਾਕੇ ਵਿਚ ਹਮਾਸ ਦੀ ਇਕ ਲੰਬੀ ਸੁਰੰਗ ਨੂੰ ਵਿਸਫੋਟਕਾਂ ਦੀ ਵਰਤੋਂ ਕਰਕੇ ਉਡਾ ਦਿੱਤਾ ਗਿਆ। ਅੱਤਵਾਦੀ ਇਸ ਸੁਰੰਗ ਦੀ ਵਰਤੋਂ ਸੁਰੱਖਿਅਤ ਰਸਤੇ ਲਈ ਕਰ ਰਹੇ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
