ਨਵੀਂ ਦਿੱਲੀ, 19 ਦਸੰਬਰ (ਹਿ. ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਵਿੱਚ ਗੇਂਦਬਾਜ਼ਾਂ ਨੂੰ ਪ੍ਰਤੀ ਓਵਰ ਦੋ ਬਾਊਂਸਰ ਸੁੱਟਣ ਦੀ ਇਜਾਜ਼ਤ ਹੋਵੇਗੀ। ਈਐੱਸਪੀਐੱਨਕ੍ਰਿਕਇਨਫੋ ਦੇ ਅਨੁਸਾਰ, ਇਸ ਵਿਵਸਥਾ ਦਾ ਉਦੇਸ਼ ਬੱਲੇ ਅਤੇ ਗੇਂਦ ਵਿਚਕਾਰ ਵਧੇਰੇ ਸੰਤੁਲਿਤ ਮੁਕਾਬਲਾ ਬਣਾਉਣਾ ਹੈ, ਜਿਸ ਨਾਲ ਅਜਿਹਾ ਮਾਹੌਲ ਪੈਦਾ ਹੋਵੇਗਾ ਜਿੱਥੇ ਗੇਂਦਬਾਜ਼ ਜ਼ਿਆਦਾ ਪ੍ਰਭਾਵ ਪਾ ਸਕਣ। ਖੇਡਣ ਦੀਆਂ ਸਥਿਤੀਆਂ ਵਿੱਚ ਇਸ ਤਬਦੀਲੀ ਦਾ ਪ੍ਰੀਖਣ ਭਾਰਤ ਦੇ ਘਰੇਲੂ ਟੀ20 ਟੂਰਨਾਮੈਂਟ, 2023-24 ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਕੀਤਾ ਗਿਆ ਸੀ।
ਆਈਪੀਐੱਲ 2023 ਵਿੱਚ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਇਮਪੈਕਟ ਪਲੇਅਰ ਨਿਯਮ ਲਾਗੂ ਰਹੇਗਾ। ਇਸ ਨਿਯਮ ਦੇ ਤਹਿਤ, ਟਾਸ ਦੇ ਸਮੇਂ ਇੱਕ ਟੀਮ ਨੂੰ ਪਲੇਇੰਗ ਇਲੈਵਨ ਤੋਂ ਇਲਾਵਾ ਚਾਰ ਬਦਲਵੇਂ ਖਿਡਾਰੀਆਂ ਦੀ ਸੂਚੀ ਵੀ ਦੇਣੀ ਹੋਵੇਗੀ। ਉਹ ਇਨ੍ਹਾਂ ਚਾਰਾਂ ਵਿੱਚੋਂ ਕਿਸੇ ਇੱਕ ਨੂੰ ਆਪਣੇ ਇਮਪੈਕਟ ਪਲੇਅਰ ਵਜੋਂ ਵਰਤ ਸਕਦੇ ਹਨ।
ਜੇਕਰ ਕੋਈ ਟੀਮ ਆਪਣੇ ਸ਼ੁਰੂਆਤੀ ਗਿਆਰਾਂ ਵਿੱਚ ਚਾਰ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਲ ਕਰਦੀ ਹੈ, ਤਾਂ ਉਹ ਇਮਪੈਕਟ ਪਲੇਅਰ ਵਜੋਂ ਸਿਰਫ਼ ਇੱਕ ਭਾਰਤੀ ਨੂੰ ਲਿਆ ਸਕਦੀ ਹੈ। ਇਸ ਦਾ ਉਦੇਸ਼ ਪ੍ਰਤੀ ਟੀਮ ਪ੍ਰਤੀ ਖੇਡ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ ਨੂੰ ਚਾਰ ਤੱਕ ਸੀਮਤ ਕਰਨਾ ਹੈ, ਜਿਸ ਨੂੰ ਆਈਪੀਐਲ ਨੇ ਆਪਣੀ ਸ਼ੁਰੂਆਤ ਤੋਂ ਹੀ ਅਪਣਾਇਆ ਹੈ। ਹਾਲਾਂਕਿ, ਜੇਕਰ ਕੋਈ ਟੀਮ ਆਪਣੀ ਇਲੈਵਨ ਵਿੱਚ ਤਿੰਨ ਜਾਂ ਘੱਟ ਵਿਦੇਸ਼ੀ ਖਿਡਾਰੀਆਂ ਨਾਲ ਸ਼ੁਰੂਆਤ ਕਰਦੀ ਹੈ, ਤਾਂ ਉਹ ਇੱਕ ਵਿਦੇਸ਼ੀ ਖਿਡਾਰੀ ਨੂੰ ਇਮਪੈਕਟ ਪਲੇਅਰ ਵਜੋਂ ਲਿਆ ਸਕਦੀ ਹੈ। ਪਰ ਆਉਣ ਵਾਲੇ ਵਿਦੇਸ਼ੀ ਖਿਡਾਰੀ ਨੂੰ ਟਾਸ ਦੇ ਸਮੇਂ ਨਾਮਜਦ ਚਾਰ ਬਦਲਵੇਂ ਖਿਡਾਰੀਆਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ।
ਇਮਪੈਕਟ ਪਲੇਅਰ ਨਿਯਮ ਨੇ ਆਲ-ਰਾਉਂਡਰਾਂ ਦੇ ਮੁੱਲ ਨੂੰ ਕੁਝ ਹੱਦ ਤੱਕ ਘਟਾ ਦਿੱਤਾ ਹੈ, ਵੈਂਕਟੇਸ਼ ਅਈਅਰ, ਵਿਜੇ ਸ਼ੰਕਰ ਅਤੇ ਸ਼ਿਵਮ ਦੂਬੇ ਵਰਗੇ ਖਿਡਾਰੀ ਪਿਛਲੇ ਸੀਜ਼ਨ ਵਿੱਚ ਆਪਣੀ ਟੀਮ ਲਈ ਵੱਡੇ ਪੱਧਰ ‘ਤੇ ਬੱਲੇਬਾਜ਼ਾਂ ਵਜੋਂ ਉਤਰੇ ਸਨ। ਟ੍ਰ਼ੇਡਿੰਗ ਵਿੰਡੋ ਇਸ ਵੇਲੇ ਬੰਦ ਹੈ ਪਰ ਮਿੰਨੀ-ਨਿਲਾਮੀ ਤੋਂ ਇੱਕ ਦਿਨ ਬਾਅਦ, 20 ਦਸੰਬਰ ਨੂੰ ਦੁਬਾਰਾ ਖੁੱਲ੍ਹ ਜਾਵੇਗੀ, ਅਤੇ 2024 ਸੀਜ਼ਨ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਤੱਕ ਖੁੱਲ੍ਹੀ ਰਹੇਗੀ।
ਆਈਪੀਐੱਲ 2024, 22 ਮਾਰਚ ਅਤੇ ਮਈ ਦੇ ਅਖੀਰ ਵਿੱਚ ਖੇਡੇ ਜਾਣ ਦੀ ਸੰਭਾਵਨਾ ਹੈ, ਚੋਣ ਕਮਿਸ਼ਨ ਦੁਆਰਾ ਭਾਰਤ ਦੀਆਂ ਆਮ ਚੋਣਾਂ ਲਈ ਵੋਟਿੰਗ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਅੰਤਮ ਕਾਰਜਕ੍ਰਮ ਦਾ ਐਲਾਨ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
