ਚੰਡੀਗੜ੍ਹ, 18 ਦਸੰਬਰ (ਹਿ. ਸ.)। ਭਾਜਪਾ ਓਬੀਸੀ ਮੋਰਚਾ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ’ਚ ਆਪਣੀ ਅਹਿਮ ਭੂਮਿਕਾ ਨਿਭਾਏਗਾ ਅਤੇ ਭਾਜਪਾ ਦੀ ਜਿੱਤ ਯਕੀਨੀ ਬਣਾਏਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਓਬੀਸੀ ਮੋਰਚਾ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਗਰ ਰਾਏਕਾ ਨੇ ਮੋਰਚੇ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਪ੍ਰਧਾਨਗੀ ਹੇਠ ਪੰਜਾਬ ਭਾਜਪਾ ਦੇ ਸੂਬਾ ਦਫਤਰ ਸੈਕਟਰ 37 ਏ ਚੰਡੀਗੜ੍ਹ ਵਿਖੇ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਰਾਏਕਾ ਨੇ ਕਿਹਾ ਕਿ ਭਾਜਪਾ ਵਰਕਰ ਸਥਾਨਕ ਅਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਭਾਜਪਾ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਨੂੰ ਆਪਣੀ ਵੋਟ ਬੈਂਕ ਦੇ ਤੌਰ ’ਤੇ ਵਰਤਿਆ ਅਤੇ ਉਨ੍ਹਾਂ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ।
ਰਾਏਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਓਬੀਸੀ ਲੋਕਾਂ ਦੀ ਭਲਾਈ ਵਾਲੀਆਂ ਯੋਜਨਾਵਾਂ ਤੇ ਭਗਵੰਤ ਮਾਨ ਸਰਕਾਰ ਰਾਜਨੀਤੀ ਕਰਕੇ ਸਹੀ ਲਾਗੂ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ ਤੇ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ। ਰਾਏਕਾ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਸ ਮੋਕੇ ’ਤੇ ਭਾਜਪਾ ਓਬੀਸੀ ਮੋਰਚੇ ਦੇ ਸਾਰਿਆਂ ਜ਼ਿਲ੍ਹਿਆਂ ਦੇ ਪ੍ਰਧਾਨਾਂ ਤੋਂ ਇਲਾਵਾ ਮੋਰਚੇ ਸੂਬਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਭੋਲੇਰੀਆ, ਕੰਵਰਵੀਰ ਸਿੰਘ, ਕਰਨ ਗੋਰ, ਦਫਤਰ ਸਕੱਤਰ ਡਾ. ਤਜਿੰਦਰ ਕੌਰ, ਮੀਤ ਪ੍ਰਧਾਨ ਰਵਿੰਦਰ ਵੈਸ਼ਨਵ, ਸੂਬਾ ਮੋਰਚਾ ਦੀ ਸਮੁੱਚੀ ਟੀਮ ਹਾਜ਼ਰ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
