ਲੁਧਿਆਣਾ, 18 ਦਸੰਬਰ (ਹਿ. ਸ.)। ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 28 ਅਧੀਨ ਮੋਤੀ ਨਗਰ ਏ ਅਤੇ ਬੀ ਬਲਾਕ ਦੀਆਂ ਪਾਰਕਾਂ ਦੇ ਨਵੀਨੀਕਰਣ ਤੇ ਸੁੰਦਰੀਕਰਣ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇੇ ਕਰੀਬ 16.50 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਦਵਾਈ, ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਤੇ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਕਰੀਬ 32 ਕਰੋੜ ਦੇ ਸੜਕੀ ਨਿਰਮਾਣ ਕਾਰਜ ਚੱਲ ਰਹੇ ਹਨ। ਇਸ ਤੋਂ ਇਲਾਵਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਨਵੀਂ ਦਿੱਖ ਦੇਣ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਨਵੇਂ ਸਕੂਲ ਬਣਾਏ ਜਾ ਰਹੇ ਹਨ, ਇਹਨਾਂ ਸਕੂਲਾਂ ਦੇ ਬਣਨ ਨਾਲ ਹਲਕਾ ਪੂਰਬੀ ਨੂੰ ਵੱਡੀ ਪ੍ਰਾਪਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਹਲਕੇ ਅੰਦਰ ਸਥਿਤ ਦੋ ਹਸਪਤਾਲ ਜਲਦ ਹੀ ਡੀ.ਐੱਮ.ਸੀ. ਅਤੇ ਸੀ.ਐੱਮ.ਸੀ. ਦੀ ਤਰਜ ‘ਤੇ ਇਲਾਜ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਦੇ ਇਹਨਾਂ ਹਸਪਤਾਲਾਂ ਲਈ ਜਰੂਰੀ ਮਸ਼ੀਨਰੀ ਤੋਂ ਇਲਾਵਾ ਡਾਕਟਰ ਅਤੇ ਹੋਰ ਸਟਾਫ ਲਈ ਸਿਹਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਨ੍ਹਾਂ ਹਸਪਤਾਲਾਂ ਵਿੱਚ ਜਲਦ ਹੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਵਿਧਾਇਕ ਗਰੇਵਾਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਲਕੇ ਅੰਦਰ ਹੋ ਰਹੇ ਵਿਕਾਸ ਕਾਰਜਾਂ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਿਕਾਸ ਕਾਰਜ ਕਰਵਾਏ ਜਾਂਦੇ ਹਨ, ਉਹ ਤੁਹਾਡੇ ਵੱਲੋਂ ਦਿੱਤੇ ਹੋਏ ਟੈਕਸਾਂ ਦੇ ਪੈਸੇ ਨਾਲ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਕਿਸੇ ਵੀ ਕੌਂਸਲਰ ਦਾ ਕੋਟਾ ਨਹੀਂ ਇਹ ਤੁਹਾਡੇ ਵੱਲੋਂ ਦਿੱਤੇ ਹੋਏ ਟੈਕਸ ਦਾ ਕੋਟਾ ਹੈ ਜੋ ਵਿਕਾਸ ਦੇ ਰੂਪ ਵਿੱਚ ਤੁਹਾਡੇ ਤੱਕ ਪਹੁੰਚਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
