ਨਵੀਂ ਦਿੱਲੀ, 16 ਦਸੰਬਰ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਸਦ ਦੀ ਸੁਰੱਖਿਆ ਭੰਗ ਕਰਨ ਦੇ ਮਾਮਲੇ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਜੋੜਨ ਵਾਲੇ ਕਾਂਗਰਸ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਸ਼ਨੀਵਾਰ ਨੂੰ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਾਂਗਰਸ ਅਤੇ ਆਈਐੱਨਡੀਆਈਏ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ।
ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਦੇਸ਼ ਅਤੇ ਸੰਸਦ ਦੀ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ‘ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਸੰਸਦ ਦੇ ਅੰਦਰ 13 ਦਸੰਬਰ ਦੀ ਘਟਨਾ ਮੰਦਭਾਗੀ ਸੀ। ਇਸ ਦੀ ਨਿੰਦਾ ਹੋਣੀ ਚਾਹੀਦੀ ਹੈ ਪਰ ਕਾਂਗਰਸੀ ਆਗੂ ਹਮਲਾਵਰਾਂ ਪ੍ਰਤੀ ਹਮਦਰਦੀ ਦਿਖਾ ਰਹੇ ਹਨ। ਕਾਂਗਰਸ ਦੀ ਡੋਨੇਸ਼ਨ ਫਾਰ ਦੇਸ਼ ਮੁਹਿੰਮ ‘ਤੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਸੱਠ ਸਾਲ ਦੇਸ਼ ਨੂੰ ਲੁੱਟਿਆ ਹੈ। ਤਿੰਨ ਰਾਜਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਾਫ਼ ਹੈ ਕਿ ਦੇਸ਼ ਕਾਂਗਰਸ ਨੂੰ ਵੋਟ ਦੇਣ ਦੇ ਮੂਡ ਵਿੱਚ ਵੀ ਨਹੀਂ ਹੈ।
ਸ਼ਹਿਜ਼ਾਦ ਪੂਨਾਵਾਲਾ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ‘ਤੇ ਸਵਾਲਾਂ ਦੀ ਲੜੀ ਉਠਾਉਂਦਿਆਂ ਹੋਏ ਸਵਾਲੀਆ ਲਹਿਜੇ ‘ਚ ਕਿਹਾ ਕਿ ਸੰਸਦ ਦੇ ਅੰਦਰ ਹਮਲਾ ਕਰਨ ਵਾਲਿਆਂ ਦੇ ਬਚਾਅ ‘ਚ ਆਈ ਵਿਰੋਧੀ ਧਿਰ ਦਾ ਕਿਤੇ ਇਨ੍ਹਾਂ ਨਾਲ ਕੋਈ ਸਬੰਧ ਤਾਂ ਨਹੀਂ ਹੈ? ਹਮਲੇ ਦੀ ਦੋਸ਼ੀ ਨੀਲਮ ਆਜ਼ਾਦ ਨੂੰ ਕਾਂਗਰਸੀ ਵਰਕਰਾਂ ਨਾਲ ਦੇਖਿਆ ਗਿਆ ਸੀ ਅਤੇ ਉਨ੍ਹਾਂ ਲਈ ਹੀ ਵੋਟ ਮੰਗਦੀ ਨਜ਼ਰ ਆਈ ਸੀ। ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਵੀ ਕਾਂਗਰਸ ਪਾਰਟੀ ਤਾਂ ਨਹੀਂ ਦੇ ਰਹੀ? ਇਹ ਰਿਸ਼ਤਾ ਕੀ ਅਖਵਾਉਂਦਾ ਹੈ ?
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ਦੇ ਅੰਦਰ ਹੋਏ ਹਮਲੇ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦੀ ਸੁਰੱਖਿਆ ਭੰਗ ਹੋਈ ਹੈ ਪਰ ਅਜਿਹਾ ਕਿਉਂ ਹੋਇਆ, ਕਿਉਂਕਿ ਇਸ ਪਿੱਛੇ ਬੇਰੁਜ਼ਗਾਰੀ ਦੀ ਮਜਬੂਰੀ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਭਾਰਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਇਸ ਘਟਨਾ ਦਾ ਅਸਲ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
