ਨਵੀਂ ਦਿੱਲੀ, 15 ਦਸੰਬਰ (ਹਿ. ਸ.)। ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਯੂ) ਨੇ ਕਰਨਾਟਕ ਵਿੱਚ 42 ਸਾਲਾ ਔਰਤ ਨੂੰ ਨਗਨਨ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹੇ ਜਾਣ ਦੀ ਘਟਨਾ ਦਾ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੀ ਨਿੰਦਾ ਕੀਤੀ।
ਰੇਖਾ ਸ਼ਰਮਾ ਨੇ ਕਮਿਸ਼ਨ ਦੀ ਮੈਂਬਰ ਡੇਲੀਨਾ ਖੋਂਗਡੁਪ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਮੌਕੇ ‘ਤੇ ਜਾ ਕੇ ਜਾਂਚ ਕਰਕੇ ਰਿਪੋਰਟ ਤਿਆਰ ਕਰੇਗੀ। ਇਹ ਟੀਮ ਅੱਜ ਕਰਨਾਟਕ ਲਈ ਰਵਾਨਾ ਹੋਵੇਗੀ। ਕਮਿਸ਼ਨ ਨੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ 17 ਦਸੰਬਰ ਤੱਕ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਵਰਣਨਯੋਗ ਹੈ ਕਿ 10 ਦਸੰਬਰ ਨੂੰ ਬੇਲਗਾਵੀ ਜ਼ਿਲੇ ਦੀ ਇਸ ਮਹਿਲਾ ਨੂੰ ਉਸਦੇ ਬੇਟੇ ਦੇ ਇਕ ਲੜਕੀ ਨਾਲ ਭੱਜ ਜਾਣ ਤੋਂ ਬਾਅਦ ਨਗਨ ਕਰਕੇ ਘੁਮਾਇਆ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸਦੀ ਕੁੱਟ ਮਾਰ ਕੀਤੀ ਗਈ। ਇਸ ਤੋਂ ਬਾਅਦ ਉਸਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਇਸ ਘਟਨਾ ਵਿੱਚ ਹੁਣ ਤੱਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
