ਨਵੀਂ ਦਿੱਲੀ, 15 ਦਸੰਬਰ (ਹਿ. ਸ.)। ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐੱਸਆਈਸੀ) ਦੇ ਅਸਥਾਈ ਪੇਰੋਲ ਡੇਟਾ ਦੇ ਅਨੁਸਾਰ, ਅਕਤੂਬਰ ਵਿੱਚ ਈਐੱਸਆਈ ਯੋਜਨਾ ਦੇ ਤਹਿਤ 17.28 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ਅਕਤੂਬਰ ਵਿੱਚ ਲਗਭਗ 23,468 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ। ਇਸ ਦੇ ਨਾਲ ਹੀ ਕਰਮਚਾਰੀ ਰਾਜ ਬੀਮਾ ਨਿਗਮ ਅਧੀਨ ਆਪਣੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਕੇ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਹੋਈਆਂ ਹਨ। ਮੰਤਰਾਲੇ ਦੇ ਅਨੁਸਾਰ, ਅਕਤੂਬਰ, 2023 ਦੌਰਾਨ ਸ਼ਾਮਿਲ ਕੀਤੇ ਗਏ ਕੁੱਲ 17.28 ਲੱਖ ਕਰਮਚਾਰੀਆਂ ਵਿੱਚੋਂ 8.25 ਲੱਖ ਕਰਮਚਾਰੀ 25 ਸਾਲ ਦੀ ਉਮਰ ਤੱਕ ਦੇ ਹਨ। ਇਹ ਨਵੇਂ ਰਜਿਸਟ੍ਰੇਸ਼ਨਾਂ ਦੀ ਬਹੁਗਿਣਤੀ ਬਣਾਉਂਦੇ ਹਨ, ਜੋ ਕੁੱਲ ਕਰਮਚਾਰੀਆਂ ਦਾ 47.76 ਫੀਸਦੀ ਹਨ।
ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਪੇਰੋਲ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਕਤੂਬਰ, 2023 ਵਿੱਚ ਕੁੱਲ 3.31 ਲੱਖ ਮਹਿਲਾ ਮੈਂਬਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਅੰਕੜੇ ਦਰਸਾਉਂਦੇ ਹਨ ਕਿ ਅਕਤੂਬਰ ਦੇ ਮਹੀਨੇ ਵਿੱਚ ਕੁੱਲ 51 ਟਰਾਂਸਜੈਂਡਰ ਕਰਮਚਾਰੀਆਂ ਨੇ ਵੀ ਈਐੱਸਆਈ ਸਕੀਮ ਅਧੀਨ ਰਜਿਸਟਰ ਕੀਤਾ ਹੈ, ਜੋ ਦਰਸਾਉਂਦਾ ਹੈ ਕਿ ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਆਪਣੀ ਸਕੀਮ ਦਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
