
ਬਰੇਲੀ, 10 ਦਸੰਬਰ (ਹਿ.ਸ.)। ਜ਼ਿਲੇ ‘ਚ ਸ਼ਨੀਵਾਰ ਅੱਧੀ ਰਾਤ ਨੂੰ ਵਾਪਰੇ ਇਕ ਸੜਕ ਹਾਦਸੇ ‘ਚ ਕਾਰ ‘ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਪਰ ਲਾਸ਼ਾਂ ਸੜ ਜਾਣ ਕਾਰਨ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਹੜੀ ਲਾਸ਼ ਕਿਸਦੀ ਹੈ, ਇਸ ਲਈ ਹੁਣ ਸਾਰੀਆਂ ਲਾਸ਼ਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇਗਾ।
ਸੀਨੀਅਰ ਪੁਲਿਸ ਕਪਤਾਨ ਘੁਲੇ ਸੁਸ਼ੀਲ ਚੰਦਰਭਾਨ ਨੇ ਦੱਸਿਆ ਕਿ ਇਸ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ‘ਚ ਬਹੇੜੀ ਥਾਣਾ ਖੇਤਰ ਦੇ ਪਿੰਡ ਮਿਤਾਪੁਰ ਨਿਵਾਸੀ ਫੁਰਕਾਨ (25), ਜਾਮ ਪਿੰਡ ਨਿਵਾਸੀ ਮੁਹੰਮਦ ਅਯੂਬ (35), ਸਾਦਾਬ (26), ਬਾਬੂ ਅਲੀ (41), ਮੁਹੰਮਦ ਆਰਿਫ (30), ਮੁਹੰਮਦ ਆਸਿਫ (23), ਮੁਹੰਮਦ ਆਲਿਮ (20) ਅਤੇ ਮੁਹੰਮਦ ਆਸਿਫ (34) ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਬਰੇਲੀ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੇ ਨਾਮ ਸਾਹਮਣੇ ਆਏ ਹਨ। ਹਾਦਸੇ ਤੋਂ ਬਾਅਦ ਕਾਰ ‘ਚ ਅੱਗ ਲੱਗਣ ਕਾਰਨ ਸਾਰੇ ਜ਼ਿੰਦਾ ਸੜ ਗਏ। ਲਾਸ਼ਾਂ ਦਾ ਡੀਐੱਨਏ ਕਰਾਇਆ ਜਾਵੇਗਾ ਤਾਂ ਕਿ ਕਿਹੜੀ ਲਾਸ਼ ਦੀ ਕਿਸਦੀ ਹੈ, ਪਛਾਣ ਕੀਤੀ ਜਾ ਸਕੇ। ਮੁੱਖ ਮੈਡੀਕਲ ਅਫ਼ਸਰ ਡਾ. ਵਿਸ਼ਰਾਮ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਲਾਸ਼ਾਂ ਦੀ ਸ਼ਨਾਖ਼ਤ ਹੋ ਗਈ ਹੈ, ਜਦਕਿ ਪੰਜ ਲਾਸ਼ਾਂ ਦਾ ਡੀ.ਐੱਨ.ਏ. ਕਰਵਾਇਆ ਜਾਵੇਗਾ।
ਪੁਲਿਸ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਕਿ ਦੇਰ ਰਾਤ ਬਰੇਲੀ-ਨੈਨੀਤਾਲ ਹਾਈਵੇ ‘ਤੇ ਸਥਿਤ ਬਹੇੜੀ ਦੇ ਪਿੰਡ ਜਾਮ ਦੇ ਲੋਕ ਬਰੇਲੀ ਦੇ ਪੀਲੀਭੀਤ ਰੋਡ ‘ਤੇ ਫਹਮ ਲਾਅਨ ‘ਚ ਵਿਆਹ ਲਈ ਆਏ ਸਨ। ਰਾਤ ਨੂੰ ਵਾਪਸ ਆਉਂਦੇ ਸਮੇਂ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਡਿਵਾਈਡਰ ਨੂੰ ਪਾਰ ਕਰਕੇ ਉਲਟ ਦਿਸ਼ਾ ਤੋਂ ਆ ਰਹੇ ਡੰਪਰ ਨਾਲ ਟਕਰਾ ਗਈ। ਜ਼ੋਰਦਾਰ ਧਮਾਕੇ ਨਾਲ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸੈਂਟਰਲ ਲਾਕ ਹੋਣ ਕਾਰਨ ਕਾਰ ਅੰਦਰੋਂ ਕੋਈ ਵੀ ਬਾਹਰ ਨਹੀਂ ਆ ਸਕਿਆ ਅਤੇ ਸਾਰੇ ਸੜ ਕੇ ਮਰ ਗਏ। ਪੁਲਿਸ ਅਤੇ ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ਵਿੱਚ 45 ਮਿੰਟ ਲੱਗੇ। ਫਿਰ ਕਿਤੇ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
