ਜੈਪੁਰ, 10 ਦਸੰਬਰ (ਹਿ. ਸ.)। ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਕਤਲ ਕਾਂਡ ਵਿੱਚ ਲੋੜੀਂਦੇ ਸ਼ੂਟਰ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਨੂੰ ਪੁਲਿਸ ਨੇ ਚੰਡੀਗੜ੍ਹ ਵਿੱਚ ਫੜ ਲਿਆ ਹੈ। ਉਨ੍ਹਾਂ ਦਾ ਸਾਥੀ ਊਧਮ ਵੀ ਫੜਿਆ ਗਿਆ ਹੈ। ਇਹ ਸਾਰੇ ਸੈਕਟਰ-22 ਦੇ ਇੱਕ ਹੋਟਲ ਵਿੱਚ ਠਹਿਰੇ ਸਨ।
ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਅਪਰਾਧ) ਦਿਨੇਸ਼ ਐੱਮਐੱਨ ਦੇ ਅਨੁਸਾਰ, ਤਿੰਨਾਂ ਨੂੰ ਸ਼ਨੀਵਾਰ ਦੇਰ ਰਾਤ ਹੋਟਲ ‘ਤੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਾਰਵਾਈ ਰਾਜਸਥਾਨ ਪੁਲਿਸ ਅਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਤਿੰਨਾਂ ਨੂੰ ਪਹਿਲਾਂ ਦਿੱਲੀ ਕ੍ਰਾਈਮ ਬ੍ਰਾਂਚ ਦੇ ਦਫਤਰ ਲਿਜਾਇਆ ਗਿਆ ਹੈ। ਉਥੋਂ ਉਨ੍ਹਾਂ ਨੂੰ ਜੈਪੁਰ ਲਿਆਂਦਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਗੋਗਾਮੇੜੀ ਦਾ ਕਤਲ ਕਰਨ ਤੋਂ ਬਾਅਦ ਤਿੰਨੋਂ ਰਾਜਸਥਾਨ ਤੋਂ ਹਰਿਆਣਾ ਦੇ ਹਿਸਾਰ ਪਹੁੰਚੇ। ਇੱਥੋਂ ਮਨਾਲੀ ਚਲੇ ਗਏ। ਇਸ ਤੋਂ ਬਾਅਦ ਮਨਾਲੀ ਤੋਂ ਚੰਡੀਗੜ੍ਹ ਪਹੁੰਚੇ। ਪੁਲਿਸ ਤਕਨੀਕੀ ਨਿਗਰਾਨੀ ਰਾਹੀਂ ਉਨ੍ਹਾਂ ਤੱਕ ਪਹੁੰਚੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਪੁਰ ਪੁਲਿਸ ਨੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਰਾਮਵੀਰ ਜਾਟ ਨੂੰ ਗ੍ਰਿਫਤਾਰ ਕੀਤਾ ਸੀ। ਰਾਮਵੀਰ ਨਿਤਿਨ ਫੌਜੀ ਦਾ ਦੋਸਤ ਹੈ। ਦਿੱਲੀ ਪੁਲਿਸ ਨੂੰ ਸ਼ਨੀਵਾਰ ਦੁਪਹਿਰ 2 ਵਜੇ ਚੰਡੀਗੜ੍ਹ ‘ਚ ਉਨ੍ਹਾਂ ਦੀ ਮੌਜੂਦਗੀ ਦੀ ਠੋਸ ਸੂਚਨਾ ਮਿਲੀ ਸੀ।ਦਿੱਲੀ ਪੁਲਿਸ ਦੇ ਏਡੀਜੀ (ਕ੍ਰਾਈਮ) ਰਵਿੰਦਰ ਸਿੰਘ ਨੇ ਇਹ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਜਾਲ ਵਿਛਾਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
