ਨਵੀਂ ਦਿੱਲੀ, 09 ਦਸੰਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਛਿਮਾਹੀ ਵਿੱਚ ਭਾਰਤ ਦੀ 7.7 ਫੀਸਦੀ ਜੀਡੀਪੀ ਵਾਧਾ ਪਿਛਲੇ 10 ਸਾਲਾਂ ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਨਤੀਜਾ ਹੈ। ਭਾਰਤ ਡੂੰਘੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਵਪਾਰ ਤੇ ਵਣਜ ਦੀ ਇਤਿਹਾਸਕ ਪਰੰਪਰਾ ਵਾਲਾ ਦੇਸ਼ ਹੈ। ਭਾਰਤ ਵਿੱਚ ਹਰੇਕ ਨਿਵੇਸ਼ਕ ਜਾਂ ਕੰਪਨੀ ਲਈ ਸਭ ਤੋਂ ਵਿਭਿੰਨ ਮੌਕਿਆਂ ਦੀ ਸ਼੍ਰੇਣੀ ਹੈ। ਪ੍ਰਧਾਨ ਮੰਤਰੀ ਨੇ ਅੱਜ (ਸ਼ਨੀਵਾਰ) ਫਿਨਟੇਕ ਨਾਲ ਸਬੰਧਤ ਗਲੋਬਲ ਸੋਚ ਲੀਡਰਸ਼ਿਪ ਪਲੇਟਫਾਰਮ ਇਨਫਿਨਿਟੀ ਫੋਰਮ ਦੇ ਦੂਜੇ ਐਡੀਸ਼ਨ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਭਾਰਤ ਗਲੋਬਲ ਸਾਊਥ ਦੀ ਅਗਵਾਈ ਕਰਨ ਲਈ ਮਜ਼ਬੂਤ ਸਥਿਤੀ ਵਿੱਚ ਹੈ। ਕੁਝ ਹਫ਼ਤੇ ਪਹਿਲਾਂ ਵਰਲਡ ਇਕਨਾਮਿਕ ਫੋਰਮ ਨੇ ਕਿਹਾ ਸੀ ਕਿ ਭਾਰਤ ਵਿੱਚ ਲਾਲ ਫੀਤਾਸ਼ਾਹੀ ਘੱਟ ਗਈ ਹੈ ਅਤੇ ਨਿਵੇਸ਼ ਲਈ ਬਿਹਤਰ ਮਾਹੌਲ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਦੀ ਵਿਕਾਸ ਕਹਾਣੀ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਜਦੋਂ ਨੀਤੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ, ਜਦੋਂ ਚੰਗੇ ਸ਼ਾਸਨ ਲਈ ਸਾਰੇ ਯਤਨ ਕੀਤੇ ਜਾਂਦੇ ਹਨ, ਜਦੋਂ ਦੇਸ਼ ਅਤੇ ਇਸਦੇ ਲੋਕਾਂ ਦੇ ਹਿੱਤ ਆਰਥਿਕ ਨੀਤੀਆਂ ਦਾ ਆਧਾਰ ਹੁੰਦੇ ਹਨ, ਤਾਂ ਕੀ ਨਤੀਜੇ ਮਿਲਦੇ ਹਨ? ਇਸ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ‘ਚ ਹੀ ਭਾਰਤੀ ਅਰਥਵਿਵਸਥਾ 7.7 ਫੀਸਦੀ ਦੀ ਦਰ ਨਾਲ ਵਧੀ ਹੈ।
ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਨੂੰ ਭਾਰਤ ਤੋਂ ਉਮੀਦਾਂ ਹਨ ਅਤੇ ਅਜਿਹਾ ਇੰਝ ਹੀ ਨਹੀਂ ਹੋਇਆ ਹੈ। ਇਹ ਭਾਰਤ ਦੀ ਮਜ਼ਬੂਤ ਹੋ ਰਹੀ ਆਰਥਿਕਤਾ ਅਤੇ ਪਿਛਲੇ 10 ਸਾਲਾਂ ਵਿੱਚ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ (ਗਿਫਟ) ਸਿਟੀ ਨੂੰ ਨਵੇਂ ਯੁੱਗ ਦੀਆਂ ਗਲੋਬਲ ਵਿੱਤੀ ਅਤੇ ਤਕਨਾਲੋਜੀ ਸੇਵਾਵਾਂ ਦਾ ਗਲੋਬਲ ਹੱਬ ਬਣਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਸਿਟੀ ਵਿੱਚ 21ਵੀਂ ਸਦੀ ਦੀਆਂ ਆਰਥਿਕ ਨੀਤੀਆਂ ਦਾ ਮੰਥਨ ਗੁਜਰਾਤ ਨੂੰ ਮਾਣ ਦਿਵਾਏਗਾ। ਭਾਰਤ ਅੱਜ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਫਿਨਟੈਕ ਬਾਜ਼ਾਰਾਂ ਵਿੱਚੋਂ ਇੱਕ ਹੈ। ਫਿਨਟੇਕ ਵਿੱਚ ਭਾਰਤ ਦੀ ਤਾਕਤ ਗਿਫਟ ਆਈਐੱਫਐੱਸਸੀ ਦੇ ਵਿਜ਼ਨ ਨਾਲ ਜੁੜੀ ਹੋਈ ਹੈ, ਇਸ ਕਰਕੇ ਇਹ ਸਥਾਨ ਫਿਨਟੇਕ ਦਾ ਇੱਕ ਉੱਭਰਦਾ ਹੋਇਆ ਕੇਂਦਰ ਬਣ ਰਿਹਾ ਹੈ। ਗਿਫਟ ਸਿਟੀ ’ਚ ਵਿਸ਼ਵ ਲਈ ਗਲੋਬਲ ਫਿਨਟੇਕ ਵਰਲਡ ਦਾ ਗੇਟਵੇ ਅਤੇ ਫਿਨਟੇਕ ਲੈਬਰੋਟਰੀ ਬਣਨ ਦੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਗਰਬਾ ਡਾਂਸ ਨੂੰ ਯੂਨੈਸਕੋ ਦੀ ਅਟੈਂਜੀਬਲ ਕਲਚਰਲ ਹੈਰੀਟੇਜ ਸੂਚੀ ਵਿੱਚ ਸ਼ਾਮਲ ਕਰਨ ਲਈ ਗੁਜਰਾਤ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਸਫਲਤਾ ਦੇਸ਼ ਦੀ ਸਫਲਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅੱਜ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ, ਭਾਰਤ ਵੀ ਇਨ੍ਹਾਂ ਚਿੰਤਾਵਾਂ ਨੂੰ ਘੱਟ ਨਹੀਂ ਸਮਝਦਾ। ਅਸੀਂ ਇਸ ਬਾਰੇ ਸੁਚੇਤ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
