ਨਵੀਂ ਦਿੱਲੀ, 09 ਦਸੰਬਰ (ਹਿ.ਸ.)। ਸੋਨੇ ਵਿੱਚ ਨਿਵੇਸ਼ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਕੇਂਦਰ ਸਰਕਾਰ ਸਾਵਰੇਨ ਗੋਲਡ ਬਾਂਡ (ਐੱਸਜੀਬੀ) ਸਕੀਮ ਦੀ ਇੱਕ ਕਿਸ਼ਤ ਦਸੰਬਰ ਵਿੱਚ ਜਾਰੀ ਕਰੇਗੀ, ਜਦੋਂ ਕਿ ਦੂਜੀ ਕਿਸ਼ਤ ਫਰਵਰੀ ਵਿੱਚ ਜਾਰੀ ਕੀਤੀ ਜਾਵੇਗੀ।
ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ, ਸਾਵਰੇਨ ਗੋਲਡ ਬਾਂਡ ਸਕੀਮ 2023-24 ਦੀ ਤੀਜੀ ਅਤੇ ਚੌਥੀ ਕਿਸ਼ਤ ਦਸੰਬਰ ਅਤੇ ਫਰਵਰੀ ਵਿੱਚ ਜਾਰੀ ਕੀਤੀ ਜਾਵੇਗੀ। ਮੰਤਰਾਲੇ ਦੇ ਅਨੁਸਾਰ, ਤੁਸੀਂ 18 ਦਸੰਬਰ ਤੋਂ 22 ਦਸੰਬਰ ਦੇ ਵਿਚਕਾਰ ਤੀਜੀ ਕਿਸ਼ਤ ਵਿੱਚ ਨਿਵੇਸ਼ ਕਰਨ ਦੇ ਯੋਗ ਹੋਵੋਗੇ। ਜਦਕਿ, ਚੌਥੀ ਕਿਸ਼ਤ 12 ਫਰਵਰੀ ਤੋਂ 16 ਫਰਵਰੀ, 2024 ਦਰਮਿਆਨ ਨਿਵੇਸ਼ ਲਈ ਖੁੱਲ੍ਹੀ ਰਹੇਗੀ।
ਮੰਤਰਾਲੇ ਨੇ ਫਿਲਹਾਲ ਐੱਸਜੀਬੀ ਦੀ ਤੀਜੀ ਅਤੇ ਚੌਥੀ ਕਿਸ਼ਤ ਜਾਰੀ ਕਰਨ ਦੀ ਮਿਤੀ ਦਾ ਐਲਾਨ ਕੀਤਾ ਹੈ। ਯੋਜਨਾ ਦੀ ਤੀਜੀ ਕਿਸ਼ਤ ਦੀ ਜਾਰੀ ਕੀਮਤ ਸੋਨੇ ਦੀ ਔਸਤ ਕੀਮਤ ਦੇ ਅਨੁਸਾਰ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਸਾਵਰੇਨ ਗੋਲਡ ਬਾਂਡ ਸਕੀਮ 2023-24 ਦੀ ਪਹਿਲੀ ਕਿਸ਼ਤ 19-23 ਜੂਨ ਅਤੇ ਦੂਜੀ ਕਿਸ਼ਤ 11-15 ਸਤੰਬਰ ਦੇ ਵਿਚਕਾਰ ਖੋਲ੍ਹੀ ਗਈ ਸੀ।
ਇਸ ਸਕੀਮ ਤਹਿਤ ਘੱਟੋ-ਘੱਟ ਇੱਕ ਗ੍ਰਾਮ ਸੋਨੇ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ, ਜਦਕਿ ਵੱਧ ਤੋਂ ਵੱਧ ਸੀਮਾ ਚਾਰ ਕਿਲੋਗ੍ਰਾਮ ਤੱਕ ਹੈ। ਉੱਥੇ ਹੀ ਟਰੱਸਟ ਅਤੇ ਸੰਸਥਾਵਾਂ ਸਾਲ ਵਿੱਚ 20 ਕਿਲੋ ਸੋਨਾ ਖਰੀਦ ਸਕਦੀਆਂ ਹਨ।ਬਾਂਡ ਦੀ ਬਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ, ਮਨੋਨੀਤ ਡਾਕਘਰਾਂ ਅਤੇ ਸਟਾਕ ਐਕਸਚੇਂਜਾਂ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਜ਼ਰੀਏ ਜਾਰੀ ਕੀਤੀ ਜਾਵੇਗੀ।
ਜੇਕਰ ਤੁਸੀਂ ਔਨਲਾਈਨ ਮਾਧਿਅਮ ਰਾਹੀਂ ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਜਾਰੀ ਕੀਮਤ ਵਿੱਚ ਪ੍ਰਤੀ ਗ੍ਰਾਮ 50 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਸਕੀਮ ਦੇ ਤਹਿਤ, ਤੁਸੀਂ ਕੁੱਲ ਅੱਠ ਸਾਲਾਂ ਲਈ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ, ਪਰ ਤੁਹਾਡੇ ਕੋਲ ਪੰਜ ਸਾਲਾਂ ਬਾਅਦ ਬਾਹਰ ਨਿਕਲਣ ਦਾ ਵਿਕਲਪ ਵੀ ਹੈ।
ਜ਼ਿਕਰਯੋਗ ਹੈ ਕਿ ਰਵਾਇਤੀ ਸੋਨੇ ਦੀ ਮੰਗ ਅਤੇ ਘਰੇਲੂ ਬੱਚਤ ਦੇ ਹਿੱਸੇ ਵਜੋਂ ਸਾਵਰੇਨ ਗੋਲਡ ਬਾਂਡ ਦੀ ਸ਼ੁਰੂਆਤ ਕੀਤੀ ਗਈ ਸੀ। ਐੱਸਜੀਬੀ ਦੀ ਵਿਕਰੀ ਪਹਿਲੀ ਵਾਰ ਨਵੰਬਰ 2015 ਵਿੱਚ ਸ਼ੁਰੂ ਕੀਤੀ ਗਈ ਸੀ। ਐੱਸਜੀਬੀ ਵਿੱਚ ਨਿਵੇਸ਼ ਕਰਕੇ ਤੁਹਾਨੂੰ ਪ੍ਰਤੀ ਸਾਲ 2.50 ਪ੍ਰਤੀਸ਼ਤ ਵਿਆਜ ਦਰ ਦਾ ਲਾਭ ਵੀ ਮਿਲਦਾ ਹੈ। ਇਹ ਵਿਆਜ ਦਰ ਛਿਮਾਹੀ ਆਧਾਰ ‘ਤੇ ਅਦਾ ਕੀਤੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
