ਲੁਧਿਆਣਾ, 09 ਦਸੰਬਰ (ਹਿ. ਸ.)। ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ਼ ਕਰਦੇ ਹੋਏ ਸ਼ੁੱਕਰਵਾਰ ਨੂੰ ਵਾਰਡ ਨੰਬਰ 11 ਦੇ ਮੁਹੱਲਾ ਸ਼ਕਤੀ ਨਗਰ ਵਿਖੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੂਬਾ ਵਾਸੀਆਂ ਨਾਲ ਕੀਤੇ ਹੋਏ ਵਿਕਾਸ ਦੇ ਵਾਅਦੇ ਨੂੰ ਪਹਿਲ ਦੇ ਅਧਾਰ ‘ਤੇ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਿੱਥੇ ਹਲਕੇ ਦੇ ਹਰ ਵਾਰਡ ਅੰਦਰ ਆਮ ਆਦਮੀ ਕਲੀਨਿਕ ਖੋਲੇ ਗਏ ਹਨ, ਉੱਥੇ ਹੀ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਇਸੇ ਹੀ ਲੜੀ ਤਹਿਤ ਵਾਰਡ ਨੰਬਰ 11 ਦੇ ਮੁਹੱਲਾ ਸ਼ਕਤੀ ਨਗਰ ਵਿਖੇ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਟਿਊਬਵੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਗਰੇਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਵਾਰਡ ਇੰਚਾਰਜ ਅਨੁਜ ਚੌਧਰੀ ਅਤੇ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਕਾਰਜਾਂ ਦੀ ਰਫਤਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਹੋ ਰਹੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਜਲਦ ਹੀ ਹਲਕਾ ਵਿਕਾਸ ਪੱਖੋਂ ਮੂਹਰਲੀ ਕਤਾਰ ਵਿੱਚ ਨਜ਼ਰ ਆਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
