ਲੁਧਿਆਣਾ, 08 ਦਸੰਬਰ (ਹਿ. ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਹਰ ਸਾਲ ਦੀ ਤਰ੍ਹਾਂ ਹਥਿਆਰਬੰਦ ਸੈਨਾ ਝੰਡਾ ਦਿਵਸ 07 ਦਸੰਬਰ ਨੂੰ ਮਨਾਇਆ ਗਿਆ। ਝੰਡਾ ਫੰਡ ਇਕੱਠਾ ਕਰਨ ਦੀ ਰਸਮ ਦੀ ਸ਼ੁਰੂਆਤ, ਡਿਪਟੀ ਕਮਿਸ਼ਨਰ ਲੁਧਿਆਣਾ ਕੁਲਵੰਤ ਸਿੰਘ, ਆਈ.ਏ.ਐੱਸ., ਦੇ ਜਤਿੰਦਰ ਕੁਮਾਰ, ਸੁਪਰਡੰਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਲੁਧਿਆਣਾ ਵੱਲੋਂ ਝੰਡਾ ਲਗਾ ਕੇ ਕੀਤੀ ਗਈ।
ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ, ਆਈ.ਪੀ.ਐੱਸ. ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਅਮਿਤ ਸਰੀਨ ਪੀ.ਸੀ.ਐੱਸ. ਦੇ ਵੀ ਝੰਡਾ ਲਗਾਇਆ ਗਿਆ। ਇਸ ਸ਼ੁਭ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਕੁਲਵੰਤ ਸਿੰਘ ਵੱਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਮਹਾਨ ਕਾਰਜ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਅਪੀਲ ਕਰਦੇ ਹੋਏ ਦੱਸਿਆ ਗਿਆ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਨਕਾਰਾਂ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਇਸ ਦਿਨ ਸਮੂਹ ਦੇਸ਼ਵਾਸੀ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਸੈਨਾਵਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਇਸ ਦਿਨ ‘ਤੇ ਵੱਖ ਵੱਖ ਲੜਾਈਆਂ/ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖਮੀ ਹੋਏ ਸਾਬਕਾ ਸੈਨਿਕਾਂ ਦੀ ਮੱਦਦ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਇਸ ਦਿਨ ‘ਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
