ਮੁੰਬਈ, 07 ਦਸੰਬਰ (ਹਿ. ਸ.)। ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ ‘ਪੁਸ਼ਪਾ: ਦਿ ਰਾਈਜ਼’ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਜਗਦੀਸ਼ ਪ੍ਰਤਾਪ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਮ ਵਿੱਚ ਪ੍ਰਤਾਪ ਨੇ ਪੁਸ਼ਪਾ ਦੇ ਦੋਸਤ ਕੇਸ਼ਵ ਦੀ ਭੂਮਿਕਾ ਨਿਭਾਈ ਸੀ। ਜਗਦੀਸ਼ ਪ੍ਰਤਾਪ ਨੂੰ ਇਕ ਔਰਤ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਪੰਜਾਗੁਟਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਦਰਅਸਲ, 30 ਸਾਲ ਦੇ ਜਗਦੀਸ਼ ਇੱਕ ਜੂਨੀਅਰ ਕਲਾਕਾਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਸਬੰਧਤ ਔਰਤ ਨੇ 29 ਨਵੰਬਰ ਨੂੰ ਖੁਦਕੁਸ਼ੀ ਕਰ ਲਈ। ਔਰਤ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਗਦੀਸ਼ ‘ਤੇ ਦੋਸ਼ ਲਾਏ ਹਨ। ਸ਼ਿਕਾਇਤ ਦਰਜ ਕਰਨ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਅਭਿਨੇਤਾ ਨੂੰ ਗ੍ਰਿਫਤਾਰ ਕਰ ਲਿਆ। ਔਰਤ ਨੇ 29 ਨਵੰਬਰ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਤੋਂ ਪਹਿਲਾਂ 27 ਨਵੰਬਰ ਨੂੰ ਔਰਤ ਕਿਸੇ ਹੋਰ ਮਰਦ ਨਾਲ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਗਦੀਸ਼ ਨੇ ਉਸਦੀ ਵੀਡੀਓ ਬਣਾਈ ਸੀ ਅਤੇ ਇਸ ਰਾਹੀਂ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਉਸ ਨੇ ਵੀਡੀਓ ਰਾਹੀਂ ਬਲੈਕਮੇਲ ਕਰਨ ਅਤੇ ਨਿੱਜੀ ਫੋਟੋਆਂ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਔਰਤ ਨੇ ਆਤਮਘਾਤੀ ਕਦਮ ਚੁੱਕ ਲਿਆ। ਮੌਤ ਤੋਂ ਬਾਅਦ ਜਗਦੀਸ਼ ਕੁਝ ਦਿਨਾਂ ਤੋਂ ਫਰਾਰ ਸੀ। ਅਖ਼ੀਰ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ‘ਪੁਸ਼ਪਾ’ ਫੇਮ ਜਗਦੀਸ਼ ਨੂੰ ਜੇਲ ਭੇਜ ਦਿੱਤਾ ਹੈ।
ਜਗਦੀਸ਼ ਨੇ ਕੁਝ ਦਿਨ ਪਹਿਲਾਂ ਛੋਟੇ ਬਜਟ ਦੇ ਨਾਟਕ ‘ਸੱਥੀ ਗਨੀ ਰੇਂਦੂ ਯੇਕਾਰਲੂ’ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਨਿਤਿਨ ਅਤੇ ਸ਼੍ਰੀਲੀਲਾ ਦੀ ਫਿਲਮ ‘ਐਕਸਟ੍ਰਾ ਆਰਡੀਨਰੀ ਮੈਨ’ ਅਤੇ ‘ਅੰਬਾਜੀਪੇਟਾ ਮੈਰਿਜ ਬੈਂਡ’ ‘ਚ ਵੀ ਨਜ਼ਰ ਆਉਣਗੇ। ਫਿਲਮ ‘ਪੁਸ਼ਪਾ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਇਸ ਵਿੱਚ ਜਗਦੀਸ਼ ਨੇ ਅੱਲੂ ਅਰਜੁਨ ਦੇ ਖਾਸ ਦੋਸਤ ਦੀ ਭੂਮਿਕਾ ਨਿਭਾਈ ਹੈ। ਇਸ ਰੋਲ ਨੇ ਉਸਨੂੰ ਬਹੁਤ ਮਸ਼ਹੂਰ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
