ਨਵੀਂ ਦਿੱਲੀ, 05 ਦਸੰਬਰ (ਹਿ. ਸ.)। ਤਾਮਿਲਨਾਡੂ ਵਿੱਚ ਚੱਕਰਵਾਤ ਮਿਚੌਂਗ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ। ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਲਿਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਿਆ ਗਿਆ ਹੈ। ਕੇਂਦਰ ਸਰਕਾਰ ਤੋਂ ਸੂਬੇ ਨੂੰ ਤੁਰੰਤ 5000 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਪਿਛਲੇ ਦੋ-ਤਿੰਨ ਦਿਨਾਂ ਵਿੱਚ ਚੇਨਈ ਸਮੇਤ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਪਿਆ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਜੰਗੀ ਪੱਧਰ ‘ਤੇ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਤੂਫਾਨ ਨੇ ਚੇਨਈ, ਕਾਂਚੀਪੁਰਮ, ਤਿਰੂਵੱਲੁਰ ਅਤੇ ਚੇਂਗਲਪੱਟੂ ਜ਼ਿਲਿਆਂ ‘ਚ ਭਾਰੀ ਤਬਾਹੀ ਮਚਾਈ ਹੈ। ਅੱਜ ਵਿਦਿਅਕ ਅਦਾਰਿਆਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਡੀਐੱਮਕੇ ਰਾਜ ਵਿੱਚ ਮਿਚੌਂਗ ਚੱਕਰਵਾਤ ਕਾਰਨ ਹੋਈ ਤਬਾਹੀ ਦਾ ਮੁੱਦਾ ਵੀ ਸੰਸਦ ਵਿੱਚ ਉਠਾਉਣ ਦੀ ਤਿਆਰੀ ਕਰ ਰਹੀ ਹੈ। ਡੀਐੱਮਕੇ ਦੇ ਲੋਕ ਸਭਾ ਮੈਂਬਰ ਟੀਆਰ ਬਾਲੂ ਨੇ ਕਿਹਾ ਕਿ ਉਹ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਕੇਂਦਰ ਸਰਕਾਰ ਨੂੰ ਸੂਚਿਤ ਕਰਨਗੇ। ਮਦਦ ਦੀ ਅਪੀਲ ਕਰਨਗੇ। ਡੀਐੱਮਕੇ ਸੰਸਦ ਤ੍ਰਿਚੀ ਸ਼ਿਵ ਇਸ ਮੁੱਦੇ ‘ਤੇ ਰਾਜ ਸਭਾ ‘ਚ ਬੋਲਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
