ਟੋਕੀਓ, 05 ਦਸੰਬਰ (ਹਿ.ਸ.)। ਪਿਛਲੇ ਹਫਤੇ ਹਾਦਸਾਗ੍ਰਸਤ ਹੋਏ ਅਮਰੀਕੀ ਹਵਾਈ ਸੈਨਾ ਦੇ ਓਸਪ੍ਰੇ ਜਹਾਜ਼ ਦਾ ਮਲਬਾ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਅਮਰੀਕੀ ਅਤੇ ਜਾਪਾਨੀ ਗੋਤਾਖੋਰਾਂ ਨੇ ਲੱਭ ਲਈਆਂ ਹਨ। ਹਵਾਈ ਸੈਨਾ ਦੇ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਪਿਛਲੇ ਹਫ਼ਤੇ ਜਾਪਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ 8 ਅਮਲੇ ਦੇ ਮੈਂਬਰਾਂ ਵਾਲਾ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਹਵਾਈ ਸੈਨਾ ਦਾ ਸੀਵੀ-22 ਓਸਪ੍ਰੇ ਜਹਾਜ਼ ਪਿਛਲੇ ਹਫਤੇ ਬੁੱਧਵਾਰ ਨੂੰ ਜਾਪਾਨ ਦੇ ਯਾਕੁਸ਼ੀਮਾ ਟਾਪੂ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਦੁਰਘਟਨਾ ਦੇ ਸਮੇਂ ਇਹ ਜਹਾਜ਼ ਸਿਖਲਾਈ ਮਿਸ਼ਨ ‘ਤੇ ਸੀ ਅਤੇ ਇਸ ‘ਚ ਅੱਠ ਅਮਰੀਕੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰ ਫੋਰਸ ਸਪੈਸ਼ਲ ਆਪ੍ਰੇਸ਼ਨ ਕਮਾਂਡ ਨੇ ਕਿਹਾ ਕਿ ਅੱਜ ਚਾਲਕ ਦਲ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਦੇਖੀਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹੁਣ ਤੱਕ ਕੁੱਲ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਮਲਬੇ ‘ਚੋਂ ਚਾਲਕ ਦਲ ਦੇ ਤਿੰਨ ਹੋਰ ਮੈਂਬਰਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਅਮਰੀਕਾ ਅਤੇ ਜਾਪਾਨ ਵਿਚਾਲੇ ਸਾਂਝੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਕਮਾਂਡ ਨੇ ਕਿਹਾ ਕਿ ਚਾਲਕ ਦਲ ਦੇ ਦੋ ਹੋਰ ਮੈਂਬਰ ਅਜੇ ਵੀ ਲਾਪਤਾ ਹਨ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਇਸ ਸਬੰਧ ਵਿਚ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਉਦੇਸ਼ ਹਵਾਈ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਘਰ ਵਾਪਸ ਲਿਆਉਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਸਾਰਜੈਂਟ ਜੈਕਬ ਗਲੀਹਾਰ ਵਜੋਂ ਹੋਈ ਹੈ। ਸ਼ਨੀਵਾਰ ਨੂੰ ਹੀ ਉਸਦੀ ਲਾਸ਼ ਬਰਾਮਦ ਹੋਈ। ਉਹ ਮੈਸੇਚਿਉਸੇਟਸ ਦਾ ਵਸਨੀਕ ਸੀ।
ਜਾਪਾਨੀ ਜਲ ਸੈਨਾ ਦੇ ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਵੇਰਵੇ ਜਾਰੀ ਨਹੀਂ ਕਰ ਸਕਦੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
